ਧਰਮ ਪਰਿਵਰਤਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀਆਂ ਗਰਦਨਾਂ ਕੱਟ ਦਿਉ : ਛੱਤੀਸਗੜ੍ਹ ਦੇ ਭਾਜਪਾ ਵਿਧਾਇਕ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਸਚਿਨ ਪਾਇਲਟ ਨੇ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣ ਦੀ ਕੀਤੀ ਮੰਗ

Rikesh Sen

ਦੁਰਗ: ਛੱਤੀਸਗੜ੍ਹ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਲੋਕਾਂ ਨੂੰ ਦੇਸ਼ ’ਚ ਧਰਮ ਪਰਿਵਰਤਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਗਰਦਨ ਕੱਟਣ ਲਈ ਕਹਿ ਰਹੇ ਹਨ।

ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਦੁਰਗ ਜ਼ਿਲ੍ਹੇ ਦੀ ਵੈਸ਼ਾਲੀ ਨਗਰ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਰਿਕੇਸ਼ ਸੇਨ ਨੇ ਪਟੇਲ ਚੌਕ ’ਤੇ ਹਨੂੰਮਾਨ ਜਨਮਉਤਸਵ ਦੇ ਜਲੂਸ ਨੂੰ ਸੰਬੋਧਨ ਕਰਦਿਆਂ ਕਥਿਤ ਤੌਰ ’ਤੇ ਇਹ ਟਿਪਣੀ ਕੀਤੀ ਸੀ। 

ਵਿਧਾਇਕ ਦੇ ਮੀਡੀਆ ਇੰਚਾਰਜ ਨੇ ਕਿਹਾ ਕਿ ਸੇਨ ਅਪਣੀ ਟਿਪਣੀ ’ਤੇ ਕਾਇਮ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਸੇਨ ਨੇ ਕਿਹਾ ਸੀ, ‘‘ਹਿੰਦੂ ਨਵਾਂ ਸਾਲ ਸਿਰਫ ਇਕ ਦਿਨ ਲਈ ਨਹੀਂ ਮਨਾਇਆ ਜਾਣਾ ਚਾਹੀਦਾ। ਜਦੋਂ ਤੁਸੀਂ ਸਵੇਰੇ ਬਾਹਰ ਜਾਂਦੇ ਹੋ, ਤਾਂ ਤੁਹਾਨੂੰ ਮੱਥੇ ’ਤੇ ਤਿਲਕ ਲਗਾਉਣਾ ਚਾਹੀਦਾ ਹੈ ਅਤੇ ਤੁਹਾਨੂੰ ਰੋਜ਼ਾਨਾ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।’’

ਸੇਨ ਨੇ ਅੱਗੇ ਕਿਹਾ, ‘‘ਸਨਾਤਨ ਅਤੇ ਹਿੰਦੂਤਵ ਦੀ ਰੱਖਿਆ ਲਈ ਜੇ ਤੁਹਾਨੂੰ ਅਪਣੀ ਜਾਨ ਕੁਰਬਾਨ ਕਰਨੀ ਪਵੇ ਤਾਂ ਵੀ ਦੇ ਦਿਓ, ਪਰ ਕਦੇ ਵੀ ਅਪਣੇ ਧਰਮ ਨੂੰ ਬਦਲਣ ਨਾ ਦਿਓ। ਜੇ ਇਸ ਦੇਸ਼ ’ਚ ਕੋਈ ਧਰਮ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦੀ ਗਰਦਨ ਕੱਟ ਦਿਓ।’’

ਵਿਧਾਇਕ ਦੇ ਮੀਡੀਆ ਇੰਚਾਰਜ ਸੰਤੋਸ਼ ਮਿਸ਼ਰਾ ਨੇ ਕਿਹਾ ਕਿ ਵਿਧਾਇਕ ਬਾਹਰ ਹਨ ਅਤੇ ਉਹ ਅਪਣੀ ਟਿਪਣੀ ’ਤੇ ਕਾਇਮ ਹਨ। ਰਾਏਪੁਰ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਛੱਤੀਸਗੜ੍ਹ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਬਿਆਨ ਦਾ ਨੋਟਿਸ ਲੈਣਾ ਚਾਹੀਦਾ ਹੈ। 

ਪਾਇਲਟ ਨੇ ਕਿਹਾ, ‘‘ਧਰਮ, ਜਾਤ ਅਤੇ ਭਾਈਚਾਰੇ ’ਤੇ ਇਸ ਤਰ੍ਹਾਂ ਬਿਆਨ ਦੇਣ ਨਾਲ ਸਿਹਤਮੰਦ ਲੋਕਤੰਤਰ ਦੀ ਚੰਗੀ ਪਰੰਪਰਾ ਸਥਾਪਤ ਨਹੀਂ ਹੋਣ ਵਾਲੀ।’’ ਉਨ੍ਹਾਂ ਕਿਹਾ ਕਿ ਅਜਿਹੀਆਂ ਟਿਪਣੀਆਂ ਦੀ ਬਜਾਏ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ ਅਤੇ ਨੌਕਰੀਆਂ, ਖਾਦ, ਤੇਲ ਅਤੇ ਬਿਜਲੀ ਬਾਰੇ ਗੱਲ ਹੋਣੀ ਚਾਹੀਦੀ ਹੈ।