'AAP' ਵਿਧਾਇਕ ਅਮਾਨਤੁੱਲਾ ਖਾਨ ਨੂੰ ਵੱਡੀ ਰਾਹਤ ,ਵਕਫ ਬੋਰਡ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਜ਼ਮਾਨਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ 15,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਦਿੱਤੀ ਹੈ ਜ਼ਮਾਨਤ

Amanatullah Khan

 Amanatullah Khan News: 'ਆਪ' ਵਿਧਾਇਕ ਅਮਾਨਤੁੱਲਾ ਖਾਨ ਨੂੰ ਵਕਫ਼ ਬੋਰਡ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਉਸ ਨੂੰ 15,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਾ ਹੋਣ 'ਤੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। 

ਇਸ ਸਿਲਸਿਲੇ 'ਚ ਰਾਉਸ ਐਵੇਨਿਊ ਅਦਾਲਤ ਵੱਲੋਂ ਜਾਰੀ ਸੰਮਨ 'ਤੇ ਉਸਦੀ ਪੇਸ਼ੀ ਹੋਈ ਸੀ। ਈਡੀ ਨੇ ਹਾਲ ਹੀ ਵਿੱਚ ਦਿੱਲੀ ਵਕਫ਼ ਬੋਰਡ ਵਿੱਚ ਨਿਯੁਕਤੀਆਂ ਵਿੱਚ ਕਥਿਤ ਬੇਨਿਯਮੀਆਂ ਅਤੇ ਇਸ ਦੀਆਂ ਜਾਇਦਾਦਾਂ ਨੂੰ ਲੀਜ਼ 'ਤੇ ਦੇਣ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਪੇਸ਼ ਨਾ ਹੋਣ ਅਤੇ ਜਾਂਚ ਵਿੱਚ ਸ਼ਾਮਲ ਨਾ ਹੋਣ ਲਈ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।

ਈਡੀ ਨੇ ਇਸ ਮਾਮਲੇ 'ਚ ਪੁੱਛਗਿੱਛ ਲਈ ਅਮਾਨਤੁੱਲਾ ਖਾਨ ਨੂੰ 6 ਸੰਮਨ ਭੇਜੇ ਸਨ ਪਰ ਸੰਮਨ ਮਿਲਣ ਤੋਂ ਬਾਅਦ ਵੀ ਉਹ ਪੇਸ਼ ਨਹੀਂ ਹੋਏ ਸੀ। ਉਸ ਨੇ ਸੁਪਰੀਮ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ 15 ਅਪ੍ਰੈਲ ਦੇ ਆਪਣੇ ਆਦੇਸ਼ ਵਿੱਚ ਖਾਨ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਵਿਧਾਇਕ ਵੱਲੋਂ ਈਡੀ ਦੇ ਸੰਮਨਾਂ ਵਿੱਚ ਹਾਜ਼ਰ ਨਾ ਹੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਓਖਲਾ ਦੇ ਵਿਧਾਇਕ ਅਮਾਨਤੁੱਲਾ ਖਾਨ ਏਜੰਸੀ ਦੇ ਸਾਹਮਣੇ ਪੇਸ਼ ਹੋਏ ਸਨ।

ਸੁਪਰੀਮ ਕੋਰਟ ਨੇ ਉਸ ਨੂੰ 18 ਅਪ੍ਰੈਲ ਨੂੰ ਜਾਂਚ ਵਿਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਸੀ। 18 ਅਪ੍ਰੈਲ ਨੂੰ ਅਮਾਨਤੁੱਲਾ ਖਾਨ ਈਡੀ ਦੇ ਸਾਹਮਣੇ ਪੇਸ਼ ਹੋਏ ਜਿੱਥੇ ਉਨ੍ਹਾਂ ਤੋਂ 13 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ।

ਦੱਸ ਦਈਏ ਕਿ ਈਡੀ ਨੇ ਦਾਅਵਾ ਕੀਤਾ ਹੈ ਕਿ ਖਾਨ ਨੇ ਦਿੱਲੀ ਵਕਫ਼ ਬੋਰਡ 'ਚ ਗੈਰ-ਕਾਨੂੰਨੀ ਤੌਰ 'ਤੇ ਕਰਮਚਾਰੀਆਂ ਦੀ ਭਰਤੀ ਕਰਕੇ ਵੱਡੀ ਰਕਮ ਨਕਦੀ 'ਚ ਕਮਾਏ ਅਤੇ ਉਸ ਰਕਮ ਨੂੰ ਆਪਣੇ ਸਾਥੀਆਂ ਦੇ ਨਾਂ 'ਤੇ ਅਚੱਲ ਜਾਇਦਾਦ ਖਰੀਦਣ ਲਈ ਨਿਵੇਸ਼ ਕੀਤਾ। ਖਾਨ ਦੇ ਟਿਕਾਣਿਆਂ 'ਤੇ ਈਡੀ ਡੀ ਛਾਪੇਮਾਰੀ ਵੀ ਹੋ ਚੁੱਕੀ ਹੈ। ਈਡੀ ਨੇ ਇੱਕ ਬਿਆਨ ਵਿੱਚ ਆਰੋਪ ਲਗਾਇਆ ਸੀ ਕਿ ਵਕਫ਼ ਬੋਰਡ ਵਿੱਚ ਕਰਮਚਾਰੀਆਂ ਦੀ ਗੈਰ-ਕਾਨੂੰਨੀ ਭਰਤੀ ਹੋਈ ਸੀ ਅਤੇ ਖਾਨ ਨੇ ਆਪਣੀ ਪ੍ਰਧਾਨਗੀ (2018-2022) ਦੌਰਾਨ ਵਕਫ਼ ਬੋਰਡ ਦੀਆਂ ਜਾਇਦਾਦਾਂ ਨੂੰ ਗਲਤ ਤਰੀਕੇ ਨਾਲ ਲੀਜ਼ 'ਤੇ ਦੇ ਕੇ ਗੈਰ-ਕਾਨੂੰਨੀ ਲਾਭ ਕਮਾਇਆ ਸੀ।

ਈਡੀ ਨੇ ਕਿਹਾ ਕਿ ਖਾਨ ਨੇ ਉਕਤ ਅਪਰਾਧਿਕ ਗਤੀਵਿਧੀਆਂ ਤੋਂ ਨਕਦੀ ਵਿਚ ਵੱਡੀ ਰਕਮ ਕਮਾਈ ਅਤੇ ਇਸ ਨਕਦੀ ਨੂੰ ਆਪਣੇ ਸਾਥੀਆਂ ਦੇ ਨਾਂ 'ਤੇ ਦਿੱਲੀ ਵਿਚ ਵੱਖ-ਵੱਖ ਅਚੱਲ ਜਾਇਦਾਦਾਂ ਨੂੰ ਖਰੀਦਣ ਵਿਚ ਨਿਵੇਸ਼ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਛਾਪੇਮਾਰੀ ਦੌਰਾਨ ਕਈ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ ਸੀ, ਜੋ ਮਨੀ ਲਾਂਡਰਿੰਗ ਮਾਮਲੇ ਵਿਚ ਖਾਨ ਦੀ ਭੂਮਿਕਾ ਨੂੰ ਦਰਸਾਉਂਦੀ ਹੈ।