ਕਾਂਗਰਸ ਸਾਡੀਆਂ ਵੋਟਾਂ ਚਾਹੁੰਦੀ ਹੈ ਪਰ ਉਮੀਦਵਾਰ ਨਹੀਂ, ਪਾਰਟੀ ਲਈ ਪ੍ਰਚਾਰ ਨਹੀਂ ਕਰਾਂਗਾ : ਨਸੀਮ ਖਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਐੱਮ.ਵੀ.ਏ. ਵਲੋਂ ਕਿਸੇ ਮੁਸਲਿਮ ਉਮੀਦਵਾਰ ਨੂੰ ਮੈਦਾਨ ’ਚ ਨਾ ਉਤਾਰਨ ’ਤੇ ਸਨ ਨਿਰਾਸ਼

Naseem Khan

ਕਿਹਾ, ਕਾਂਗਰਸ ਸਾਡੀਆਂ ਵੋਟਾਂ ਚਾਹੁੰਦੀ ਹੈ ਪਰ ਫਿਰ ਨੁਮਾਇੰਦਗੀ ਕਿਉਂ ਨਹੀਂ ਦਿੰਦੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਗੁਜਰਾਤ ’ਚ ਵੀ ਕੋਈ ਮੁਸਲਿਮ ਉਮੀਦਵਾਰ ਨਹੀਂ ਹੈ

ਮੁੰਬਈ: ਮਹਾਰਾਸ਼ਟਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਸੀਮ ਖਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਪਾਰਟੀ ਲਈ ਪ੍ਰਚਾਰ ਨਾ ਕਰਨ ਦੇ ਅਪਣੇ ਫੈਸਲੇ ’ਤੇ ਕਾਇਮ ਹਨ। ਖਾਨ ਨੇ ਸ਼ੁਕਰਵਾਰ ਨੂੰ ਮਹਾਰਾਸ਼ਟਰ ’ਚ ਲੋਕ ਸਭਾ ਚੋਣਾਂ ਲਈ ਪਾਰਟੀ ਜਾਂ ਵਿਰੋਧੀ ਗੱਠਜੋੜ ਮਹਾ ਵਿਕਾਸ ਅਘਾੜੀ (ਐੱਮ.ਵੀ.ਏ.) ਵਲੋਂ ਕਿਸੇ ਮੁਸਲਿਮ ਉਮੀਦਵਾਰ ਨੂੰ ਮੈਦਾਨ ’ਚ ਨਾ ਉਤਾਰਨ ’ਤੇ ਨਿਰਾਸ਼ਾ ਜ਼ਾਹਰ ਕੀਤੀ ਸੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਕਿਹਾ ਸੀ ਕਿ ਉਹ ਚੋਣ ਪ੍ਰਚਾਰ ਤੋਂ ਪਿੱਛੇ ਹਟ ਰਹੇ ਹਨ। 

ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਪ੍ਰਧਾਨ ਖੜਗੇ ਨੂੰ ਲਿਖੀ ਚਿੱਠੀ ’ਚ ਖਾਨ ਨੇ ਕਿਹਾ ਸੀ ਕਿ ਉਹ ਲੋਕ ਸਭਾ ਚੋਣਾਂ ਦੇ ਬਾਕੀ ਪੜਾਅ ’ਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਨਹੀਂ ਕਰਨਗੇ ਅਤੇ ਸੂਬਾ ਕਾਂਗਰਸ ਮੁਹਿੰਮ ਕਮੇਟੀ ਤੋਂ ਵੀ ਅਸਤੀਫਾ ਦੇ ਰਹੇ ਹਨ। ਇਸ ਤੋਂ ਇਕ ਦਿਨ ਬਾਅਦ ਮੁੰਬਈ ਕਾਂਗਰਸ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਅਪਣੇ ਅਸੰਤੁਸ਼ਟ ਸਾਥੀ ਖਾਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ 25 ਮਿੰਟ ਤਕ ਚੱਲੀ। 

ਖਾਨ ਮੁੰਬਈ ਉੱਤਰੀ ਮੱਧ ਤੋਂ ਟਿਕਟ ਦੀ ਦੌੜ ਵਿਚ ਸਨ ਪਰ ਪਾਰਟੀ ਨੇ ਮੁੰਬਈ ਇਕਾਈ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੂੰ ਇਸ ਹਲਕੇ ਲਈ ਅਪਣਾ ਉਮੀਦਵਾਰ ਬਣਾਇਆ। ਖਾਨ 2019 ਦੀਆਂ ਵਿਧਾਨ ਸਭਾ ਚੋਣਾਂ ਮੁੰਬਈ ਦੀ ਚਾਂਦੀਵਲੀ ਸੀਟ ਤੋਂ 409 ਵੋਟਾਂ ਨਾਲ ਹਾਰ ਗਏ ਸਨ। ਖਾਨ ਨੇ ਕਿਹਾ, ‘‘ਵਰਸ਼ਾ ਮੇਰੀ ਛੋਟੀ ਭੈਣ ਹੈ ਅਤੇ ਉਹ ਕਿਸੇ ਵੀ ਸਮੇਂ ਮੈਨੂੰ ਮਿਲਣ ਆ ਸਕਦੀ ਹੈ। ਪਰ ਮੈਂ ਅਪਣੇ ਸਟੈਂਡ ’ਤੇ ਕਾਇਮ ਹਾਂ। ਸਿਰਫ ਮਹਾਰਾਸ਼ਟਰ ’ਚ ਹੀ ਨਹੀਂ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਗੁਜਰਾਤ ’ਚ ਵੀ ਕੋਈ ਮੁਸਲਿਮ ਉਮੀਦਵਾਰ ਨਹੀਂ ਹੈ।’’

ਉਨ੍ਹਾਂ ਕਿਹਾ, ‘‘ਮੁਸਲਮਾਨ ਕਿੱਥੇ ਜਾਣਗੇ, ਉਹ ਕਹਿੰਦੇ ਹਨ ਕਿ ਕਾਂਗਰਸ ਸਾਡੀਆਂ ਵੋਟਾਂ ਚਾਹੁੰਦੀ ਹੈ ਪਰ ਫਿਰ ਨੁਮਾਇੰਦਗੀ ਕਿਉਂ ਨਹੀਂ। ਇਥੋਂ ਤਕ ਕਿ ਊਧਵ ਠਾਕਰੇ ਅਤੇ ਸ਼ਰਦ ਪਵਾਰ ਨੇ ਵੀ ਮੁਸਲਿਮ ਉਮੀਦਵਾਰ ਨਹੀਂ ਖੜ੍ਹੇ ਕੀਤੇ ਹਨ।’’

ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਮਹਾ ਵਿਕਾਸ ਅਘਾੜੀ ਵਿਚ ਕਾਂਗਰਸ ਦੇ ਸਹਿਯੋਗੀ ਹਨ। ਕਾਂਗਰਸ ਨੇ ਅਜੇ ਮੁੰਬਈ ਉੱਤਰੀ ਸੀਟ ਲਈ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ, ਜਦਕਿ ਮਹਾਰਾਸ਼ਟਰ ਵਿਚ ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਐਨ.ਸੀ.ਪੀ. (ਸ਼ਰਦ ਚੰਦਰ ਪਵਾਰ) ਨੇ ਕ੍ਰਮਵਾਰ 21 ਅਤੇ 10 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

 ਨਸੀਮ ਖਾਨ ਨੂੰ ਰਾਜ ਸਭਾ ਜਾਂ ਵਿਧਾਨ ਸਭਾ ਚੋਣਾਂ ’ਚ ਭਰਪਾਈ ਕੀਤੀ ਜਾਵੇਗੀ : ਖੜਗੇ

ਗੁਹਾਟੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਨਿਚਰਵਾਰ ਨੂੰ ਕਿਹਾ ਕਿ ਗਲਤਫਹਿਮੀ ਕਾਰਨ ਸੂਬੇ ਦੇ ਇਕ ਨੇਤਾ ਨੇ ਮਹਾਰਾਸ਼ਟਰ ’ਚ ਲੋਕ ਸਭਾ ਚੋਣਾਂ ’ਚ ਪਾਰਟੀ ਵਲੋਂ ਕਿਸੇ ਮੁਸਲਿਮ ਉਮੀਦਵਾਰ ਨੂੰ ਮੈਦਾਨ ’ਚ ਨਾ ਉਤਾਰਨ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਪਾਰਟੀ ਦੇ ਅਸੰਤੁਸ਼ਟ ਨੇਤਾ ਦਾ ਨਾਮ ਲਏ ਬਿਨਾਂ ਖੜਗੇ ਨੇ ਕਿਹਾ ਉਨ੍ਹਾਂ ਨੂੰ ਇਸ ਦੀ ਭਰਪਾਈ ਕੀਤੀ ਜਾਵੇਗੀ। ਪਾਰਟੀ ਪ੍ਰਧਾਨ ਨੇ ਕਿਹਾ ਕਿ ਮਹਾਰਾਸ਼ਟਰ ’ਚ ਰਾਜ ਸਭਾ ਅਤੇ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਉਨ੍ਹਾਂ ਕਿਹਾ, ‘‘ਇਹ ਕਹਿਣਾ ਕਿ ਕਿਸੇ ਮੁਸਲਮਾਨ ਨੂੰ ਚੋਣ ਮੈਦਾਨ ’ਚ ਨਹੀਂ ਉਤਾਰਿਆ ਗਿਆ, ਗਲਤ ਹੈ। ਮਹਾਰਾਸ਼ਟਰ ’ਚ ਤਿੰਨ ਪਾਰਟੀਆਂ ਦਾ ਗੱਠਜੋੜ ਹੈ ਅਤੇ ਆਪਸ ’ਚ ਗੱਲਬਾਤ ਕਰਨ ਤੋਂ ਬਾਅਦ ਫੈਸਲੇ ਲਏ ਜਾਂਦੇ ਹਨ।’’ ਉਨ੍ਹਾਂ ਕਿਹਾ, ‘‘ਕੁੱਝ ਗਲਤਫਹਿਮੀ ਹੈ। ਉਹ ਇਕ ਚੰਗਾ ਵਰਕਰ ਹੈ ਅਤੇ ਅਸੀਂ ਉਸ ਦਾ ਧਿਆਨ ਰੱਖਾਂਗੇ।’’