Pahalgam Attack Case ਪਹਿਲਗਾਮ ਹਮਲੇ 'ਤੇ ਵਿਵਾਦਤ ਪੋਸਟ ਕਰਨ ’ਤੇ 7 ਸੂਬਿਆਂ ਵਿਚ 26 ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

Pahalgam Attack Case ਇਨ੍ਹਾਂ ਵਿਚ ਵਿਧਾਇਕ, ਪੱਤਰਕਾਰ, ਵਕੀਲ ਤੇ ਵਿਦਿਆਰਥੀ ਸ਼ਾਮਲ 

Picture of arrests made for controversial post on Pahalgam attack.

26 Arrested in 7 States for Controversial Post on Pahalgam Attack Latest News in Punjabi : ਪਹਿਲਗਾਮ ਅਤਿਵਾਦੀ ਹਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਵਿਵਾਦਪੂਰਨ ਟਿੱਪਣੀਆਂ ਕਰਨ ਦੇ ਦੋਸ਼ ਵਿਚ 7 ​​ਸੂਬਿਆਂ ਤੋਂ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਗ੍ਰਿਫ਼ਤਾਰੀਆਂ ਵਿਚ ਅਸਾਮ ਦੀ ਵਿਰੋਧੀ ਪਾਰਟੀ ਏਆਈਯੂਡੀਐਫ਼ ਦਾ ਇਕ ਵਿਧਾਇਕ, ਇਕ ਪੱਤਰਕਾਰ, ਇਕ ਵਕੀਲ ਤੇ ਇਕ ਵਿਦਿਆਰਥੀ ਤੇ ਸ਼ਾਮਲ ਹਨ।

ਪਹਿਲਗਾਮ ਅਤਿਵਾਦੀ ਹਮਲੇ ਸਬੰਧੀ ਦੇਸ਼ ਭਰ ਦੇ ਕਈ ਰਾਜਾਂ ਵਿਚ ਸੋਸ਼ਲ ਮੀਡੀਆ 'ਤੇ ਵਿਵਾਦਪੂਰਨ ਪੋਸਟਾਂ ਪਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਨ੍ਹਾਂ ਵਿਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਸਾਮ, ਮੇਘਾਲਿਆ ਅਤੇ ਤ੍ਰਿਪੁਰਾ ਸ਼ਾਮਲ ਹਨ। ਅਸਾਮ ਤੋਂ ਸਭ ਤੋਂ ਵੱਧ 14 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਪਹਿਲੀ ਗ੍ਰਿਫ਼ਤਾਰੀ 24 ਅਪ੍ਰੈਲ ਨੂੰ ਅਸਾਮ ਦੇ ਇਕ ਵਿਧਾਇਕ ਦੀ ਪਹਿਲਗਾਮ ਹਮਲੇ 'ਤੇ ਸੋਸ਼ਲ ਮੀਡੀਆ 'ਤੇ ਵਿਵਾਦਪੂਰਨ ਟਿੱਪਣੀਆਂ ਕਰਨ ਦੇ ਦੋਸ਼ ਵਿਚ ਕੀਤੀ ਗਈ ਸੀ। ਗ੍ਰਿਫ਼ਤਾਰ ਵਿਧਾਇਕ ਅਮੀਨੁਲ ਇਸਲਾਮ ਅਸਾਮ ਦੀ ਵਿਰੋਧੀ ਪਾਰਟੀ ਏਆਈਯੂਡੀਐਫ ਨਾਲ ਸਬੰਧਤ ਹੈ। ਉਨ੍ਹਾਂ ਨੇ 2019 ਦੇ ਪੁਲਵਾਮਾ ਹਮਲੇ ਅਤੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਨੂੰ 'ਸਰਕਾਰੀ ਸਾਜ਼ਿਸ਼' ਦਸਿਆ ਸੀ। ਉਸ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਪਹਿਲਗਾਮ ਹਮਲੇ 'ਤੇ ਵਿਵਾਦਪੂਰਨ ਟਿੱਪਣੀਆਂ ਲਈ 3 ਸੂਬਿਆਂ ’ਚ ਸੱਭ ਤੋਂ ਵੱਧ ਗ੍ਰਿਫ਼ਤਾਰੀਆਂ:
ਅਸਾਮ - 14 ਲੋਕ
ਮੱਧ ਪ੍ਰਦੇਸ਼ - 4 ਲੋਕ
ਤ੍ਰਿਪੁਰਾ - 4 ਲੋਕ
ਉੱਤਰ ਪ੍ਰਦੇਸ਼ - 1 ਵਿਅਕਤੀ
ਛੱਤੀਸਗੜ੍ਹ - 1 ਵਿਅਕਤੀ
ਝਾਰਖੰਡ - 1 ਵਿਅਕਤੀ
ਮੇਘਾਲਿਆ - 1 ਵਿਅਕਤੀ

25 ਅਪ੍ਰੈਲ ਨੂੰ, ਮੱਧ ਪ੍ਰਦੇਸ਼ ਦੇ ਭੋਪਾਲ ਦੇ ਇਕ ਕਾਲਜ ਵਿਚ ਗੈਸਟ ਲੈਕਚਰਾਰ ਨਸੀਮ ਬਾਨੋ ਨੂੰ ਪਹਿਲਗਾਮ ਹਮਲੇ ਸਬੰਧੀ ਵਟਸਐਪ 'ਤੇ ਇਕ ਵਿਵਾਦਪੂਰਨ ਵੀਡੀਉ ਸਾਂਝਾ ਕਰਨ 'ਤੇ ਪੁਲਿਸ ਨੇ ਲੈਕਚਰਾਰ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਸੂਬੇ ਵਿਚ ਅਜਿਹੇ ਮਾਮਲਿਆਂ ਵਿਚ 3 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਛੱਤੀਸਗੜ੍ਹ ਦੇ ਇਕ ਵਿਅਕਤੀ ਨੇ ਪਹਿਲਗਾਮ ਹਮਲੇ ਲਈ ਸੋਸ਼ਲ ਮੀਡੀਆ 'ਤੇ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਪ੍ਰਸ਼ੰਸਾ ਕੀਤੀ। ਇਸ ਲਈ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

25 ਅਪ੍ਰੈਲ ਨੂੰ, ਵਿਵਾਦਪੂਰਨ ਟਿੱਪਣੀ ਮਾਮਲੇ ਵਿਚ ਅਸਾਮ ਤੋਂ 6 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚ ਇਕ ਪੱਤਰਕਾਰ, ਇਕ ਵਿਦਿਆਰਥੀ ਅਤੇ ਇਕ ਵਕੀਲ ਸ਼ਾਮਲ ਸਨ। 

ਤ੍ਰਿਪੁਰਾ ਵਿਚ, ਹੁਣ ਤਕ ਚਾਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਦੋ ਸੇਵਾਮੁਕਤ ਅਧਿਆਪਕ ਸ਼ਾਮਲ ਹਨ। ਯੂਪੀ, ਝਾਰਖੰਡ ਅਤੇ ਛੱਤੀਸਗੜ੍ਹ ਤੋਂ ਵੀ ਇਕ-ਇਕ ਗ੍ਰਿਫ਼ਤਾਰੀ ਕੀਤੀ ਗਈ ਹੈ।

ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਲਗਾਵਾਂਗੇ NSA 
ਜਾਣਕਾਰੀ ਅਨੁਾਸਰ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਕਿਹਾ ਕਿ ਜੇ ਲੋੜ ਪਈ ਤਾਂ ਇਨ੍ਹਾਂ ਗ੍ਰਿਫ਼ਤਾਰੀਆਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਵੀ ਲਗਾਇਆ ਜਾਵੇਗਾ। ਅਸੀਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕਰ ਰਹੇ ਹਾਂ, ਅਤੇ ਜੋ ਵੀ ਦੇਸ਼ ਵਿਰੋਧੀ ਪਾਇਆ ਗਿਆ, ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ।