ਹੁਣ ਖੁਰਾਕ ਸੁਰੱਖਿਆ ਤੋਂ ਕਿਸਾਨਾਂ ਦੀ ਖੁਸ਼ਹਾਲੀ ਵਲ ਵਧਣ ਦਾ ਸਮਾਂ : ਵੀ.ਪੀ. ਧਨਖੜ
ਵਿਕਸਤ ਭਾਰਤ ਲਈ ਖੇਤੀਬਾੜੀ-ਸਿੱਖਿਆ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਦੇ ਵਿਸ਼ੇ ’ਤੇ ਵਿਦਿਆਰਥੀਆਂ ਅਤੇ ਹੋਰਾਂ ਨੂੰ ਸੰਬੋਧਨ ਕਰ ਰਹੇ ਸਨ।
ਕੋਇੰਬਟੂਰ (ਤਾਮਿਲਨਾਡੂ) : ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੌਮੀ ਖੇਤੀਬਾੜੀ ਏਜੰਡਾ ਖੁਰਾਕ ਸੁਰੱਖਿਆ ਤੋਂ ਕਿਸਾਨਾਂ ਦੀ ਖੁਸ਼ਹਾਲੀ ਵਲ ਵਧੇ ਅਤੇ ਇਸ ਨੂੰ ਸਿਰਫ ਉਤਪਾਦਕ ਹੋਣ ਤੋਂ ਉੱਪਰ ਉੱਠਣਾ ਪਵੇਗਾ।
ਧਨਖੜ ਤਾਮਿਲਨਾਡੂ ਖੇਤੀਬਾੜੀ ਯੂਨੀਵਰਸਿਟੀ (ਟੀ.ਐਨ.ਏ.ਯੂ.) ’ਚ ਵਿਕਸਤ ਭਾਰਤ ਲਈ ਖੇਤੀਬਾੜੀ-ਸਿੱਖਿਆ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਦੇ ਵਿਸ਼ੇ ’ਤੇ ਵਿਦਿਆਰਥੀਆਂ ਅਤੇ ਹੋਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘‘ਜਦਕਿ 46 ਫ਼ੀ ਸਦੀ ਆਬਾਦੀ ਖੇਤੀਬਾੜੀ ਦਾ ਸਮਰਥਨ ਕਰਦੀ ਹੈ, ਇਹ ਖੇਤਰ ਜੀ.ਡੀ.ਪੀ. ’ਚ ਸਿਰਫ 16 ਫ਼ੀ ਸਦੀ ਯੋਗਦਾਨ ਪਾਉਂਦਾ ਹੈ। ਟੀ.ਐਨ.ਏ.ਯੂ. ਵਰਗੀਆਂ ਸੰਸਥਾਵਾਂ ਨੂੰ ਉੱਘੇ ਖੇਤੀਬਾੜੀ ਵਿਗਿਆਨੀ ਮਰਹੂਮ ਡਾ. ਐਮ.ਐਸ. ਸਵਾਮੀਨਾਥਨ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੀ ਜੀ.ਡੀ.ਪੀ. ’ਚ ਇਸ ਖੇਤਰ ਦੇ ਯੋਗਦਾਨ ’ਚ ਵਾਧਾ ਹੋਵੇ।’’ ਸਵਾਮੀਨਾਥਨ ਟੀ.ਐਨ.ਏ.ਯੂ. ਦੇ ਸਾਬਕਾ ਵਿਦਿਆਰਥੀ ਸਨ।
ਧਨਖੜ ਨੇ ਕਿਹਾ, ‘‘ਤੁਹਾਨੂੰ ਇਕ ਨਵਾਂ ਅਧਿਆਇ ਲਿਖਣਾ ਪਵੇਗਾ। ਹੁਣ ਸਮਾਂ ਆ ਗਿਆ ਹੈ ਕਿ ਸਾਡਾ ਕੌਮੀ ਖੇਤੀਬਾੜੀ ਏਜੰਡਾ ਖੁਰਾਕ ਸੁਰੱਖਿਆ ਤੋਂ ਅੱਗੇ ਵਧਣਾ ਚਾਹੀਦਾ ਹੈ ਜੋ ਕਿਸੇ ਸਮੇਂ ਕੌਮੀ ਤਰਜੀਹ ਸੀ। ਕਿਉਂਕਿ ਸਾਡੇ ਕੋਲ ਭੋਜਨ ਦੀ ਘਾਟ ਸੀ, ਸਾਡੀ ਚਿੰਤਾ ਭੋਜਨ ਸੁਰੱਖਿਆ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਸਾਨੂੰ ਖੁਰਾਕ ਸੁਰੱਖਿਆ ਤੋਂ ਕਿਸਾਨਾਂ ਦੀ ਖੁਸ਼ਹਾਲੀ ਵਲ ਵਧਣਾ ਚਾਹੀਦਾ ਹੈ ਅਤੇ ਇਹ ਤੁਹਾਡੇ ਵਰਗੀਆਂ ਸੰਸਥਾਵਾਂ ਤੋਂ ਇਸ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ।’’
ਉਨ੍ਹਾਂ ਇਹ ਵੀ ਕਿਹਾ ਕਿ ਜ਼ਮੀਨ ਅਤੇ ਪ੍ਰਯੋਗਸ਼ਾਲਾ ਵਿਚਲੇ ਪਾੜੇ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਕ ਨਿਰਵਿਘਨ ਸੰਪਰਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਠਕ੍ਰਮ ’ਚ ਤਬਦੀਲੀ ਹੋਣੀ ਚਾਹੀਦੀ ਹੈ ਜੋ ਕਿਸਾਨਾਂ ਨੂੰ ਉੱਦਮੀ ਬਣਾਉਣ ਲਈ ਇਕਸਾਰ ਹੋਣੀ ਚਾਹੀਦੀ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਤੁਹਾਨੂੰ ਕਿਸਾਨਾਂ ਨੂੰ ਸਿਰਫ ਉਤਪਾਦਕ ਬਣਨ ਤੋਂ ਉੱਪਰ ਉੱਠਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।