ਭਾਰਤ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8000 ਤੋਂ ਘੱਟ ਹੀ ਰਹੇਗੀ : ਜਨ ਸਿਹਤ ਮਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਮੁੱਖ ਜਨ ਸਿਹਤ ਮਾਹਰ ਦਾ ਕਹਿਣਾ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 8000 ਤੋਂ ਘੱਟ ਹੀ ਰਹੇਗੀ।

File Photo

ਬੇਂਗਲੁਰੂ, 26 ਮਈ: ਪ੍ਰਮੁੱਖ ਜਨ ਸਿਹਤ ਮਾਹਰ ਦਾ ਕਹਿਣਾ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 8000 ਤੋਂ ਘੱਟ ਹੀ ਰਹੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਕੇਰਲ, ਪੰਜਾਬ ਅਤੇ ਹਰਿਆਣਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਸਮਾਂ ਹੁਣ ਨਿਕਲ ਚੁੱਕਾ ਹੈ।

ਭਾਰਤੀ ਜਨ ਸਿਹਤ ਸੰਸਥਾਨ (ਹੈਦਰਾਬਾਦ) ਦੇ ਡਾਇਰੈਕਟਰ ਪ੍ਰੋਫ਼ੈਸਰ ਜੀ.ਵੀ.ਐਸ. ਮੂਰਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਨੂੰ ਇਕ ਇਕਾਈ ਦੇ ਰੂਪ 'ਚ ਨਹੀਂ ਵੇਖਿਆ ਜਾਣਾ ਚਾਹੀਦਾ, ਕਿਉਂਕਿ ਸੂਬਿਆਂ ਅਤੇ ਜ਼ਿਲ੍ਹਿਆਂ 'ਚ ਵਸੋਂ ਵੱਖ-ਵੱਖ ਹੈ, ਵੱਖ-ਵੱਖ ਸਿਹਤ ਪ੍ਰਣਾਲੀਆਂ ਹਨ ਅਤੇ ਸਾਖਰਤਾ ਦਾ ਪੱਧਰ ਵੀ ਵੱਖੋ-ਵੱਖ ਹੈ।

ਉਨ੍ਹਾਂ ਕਿਹਾ, ''ਇਸ ਲਈ ਜ਼ਰੂਰੀ ਹੈ ਕਿ ਵਧਦੇ ਮਾਮਲਿਆਂ ਬਾਰੇ ਸੂਬੇ ਅਤੇ ਜ਼ਿਲ੍ਹਾ ਪੱਧਰ 'ਤੇ ਗੱਲ ਕੀਤੀ ਜਾਵੇ।'' ਪ੍ਰੋਫ਼ੈਸਰ ਮੂਰਤੀ ਨੇ ਕਿਹਾ ਕਿ ਪ੍ਰਤੀ ਦਸ ਲੱਖ ਦੀ ਆਬਾਦੀ 'ਤੇ ਜਿੱਥੇ 25 ਅਪ੍ਰੈਲ ਤਕ ਭਾਰਤ 'ਚ 17.6 ਮਾਮਲੇ ਸਨ ਉਥੇ 25 ਮਈ ਤਕ ਇਹ ਪ੍ਰਤੀ ਦਸ ਲੱਖ 'ਤੇ ਵੱਧ ਕੇ 99.9 ਹੋ ਗਏ। ਉਨ੍ਹਾਂ ਕਿਹਾ ਕਿ ਇੰਜ ਲਗਦਾ ਹੈ ਜਿਵੇਂ ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ ਅਤੇ ਦਿੱਲੀ 'ਚ ਮਾਮਲੇ ਹੁਣ ਤੇਜ਼ੀ ਨਾਲ ਵਧਣ ਵਲ ਹਨ, ਜਦਕਿ ਕੇਰਲ, ਪੰਜਾਬ ਅਤੇ ਹਰਿਆਣਾ 'ਚ ਲਗਦਾ ਹੈ ਜਿਵੇਂ ਮਾਮਲੇ ਵਧਣ ਦਾ ਸਮਾਂ ਚਲਾ ਗਿਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ 70 ਫ਼ੀ ਸਦੀ ਮਾਮਲੇ ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਹਨ। ਇਨ੍ਹਾਂ ਸੂਬਿਆਂ 'ਚ ਮਾਮਲੇ ਵਧਣ ਨਾਲ ਹੀ ਦੇਸ਼ ਅੰਦਰ ਮਾਮਲੇ ਵਧਣਗੇ। ਮੌਜੂਦਾ ਸਥਿਤੀ ਨੂੰ ਵੇਖਦਿਆਂ ਲਗਦਾ ਹੈ ਕਿ ਅਜਿਹਾ ਜੂਨ ਦੀ ਸ਼ੁਰੂਆਤ ਤੋਂ ਜੁਲਾਈ ਦੇ ਅੱਧ ਤਕ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਮਾਨਕ ਹਦਾਇਤਾਂ ਦਾ ਪਾਲਣ ਕੀਤਾ ਗਿਆ ਅਤੇ ਹਸਪਤਾਲਾਂ 'ਚ ਸਹੂਲਤਾਂ ਜ਼ਰੂਰਤ ਅਨੁਸਾਰ ਰਹੀਆਂ ਤਾਂ ਕੋਰੋਨਾ ਵਾਇਰਸ ਨਾਲ 7500-8000 ਤੋਂ ਘੱਟ ਹੀ ਲੋਕਾਂ ਦੀ ਜਾਨ ਜਾਵੇਗੀ। ਇਸ ਦਾ ਮਤਲਬ ਹੈ ਕਿ ਪ੍ਰਤੀ ਦਸ ਲੱਖ ਲੋਕਾਂ 'ਤੇ ਚਾਰ ਜਾਂ ਪੰਜ ਲੋਕਾਂ ਦੀ ਹੀ ਜਾਨ ਜਾਵੇਗੀ।  (ਪੀਟੀਆਈ)