DU ਸਿਲੇਬਸ 'ਚੋਂ ਹਟ ਸਕਦਾ ਹੈ ਸ਼ਾਇਰ ਇਕਬਾਲ ਦਾ ਅਧਿਆਏ, ਅਕਾਦਮਿਕ ਕੌਂਸਲ ਨੇ ਮਤਾ ਕੀਤਾ ਪਾਸ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਡਰਨ ਇੰਡੀਅਨ ਪੋਲੀਟੀਕਲ ਥੌਟ ਸਿਰਲੇਖ ਵਾਲਾ ਚੈਪਟਰ ਬੀਏ ਦੇ ਛੇਵੇਂ ਸਮੈਸਟਰ ਦੇ ਸਿਲੇਬਸ ਦਾ ਹਿੱਸਾ ਹੈ। 

Mohammad Iqbal

 

ਨਵੀਂ ਦਿੱਲੀ - 'ਸਾਰਾ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ' ਲਿਖਣ ਵਾਲੇ ਸ਼ਾਇਰ ਅੱਲਾਮਾ ਮੁਹੰਮਦ ਇਕਬਾਲ ਦਾ ਚੈਪਟਰ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਵਿਚੋਂ ਹਟਾਇਆ ਜਾ ਸਕਦਾ ਹੈ। ਡੀਯੂ ਦੀ ਅਕਾਦਮਿਕ ਕੌਂਸਲ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਮਤਾ ਪਾਸ ਕੀਤਾ ਹੈ। ਮਾਡਰਨ ਇੰਡੀਅਨ ਪੋਲੀਟੀਕਲ ਥੌਟ ਸਿਰਲੇਖ ਵਾਲਾ ਚੈਪਟਰ ਬੀਏ ਦੇ ਛੇਵੇਂ ਸਮੈਸਟਰ ਦੇ ਸਿਲੇਬਸ ਦਾ ਹਿੱਸਾ ਹੈ। 

ਯੂਨੀਵਰਸਿਟੀ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਹਟਾਉਣ ਲਈ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਨੂੰ ਜਾਣਕਾਰੀ ਦਿੱਤੀ ਜਾਵੇਗੀ, ਉਹ ਅੰਤਿਮ ਫ਼ੈਸਲਾ ਲਵੇਗੀ। ਕੌਂਸਲ ਦੀ ਮੀਟਿੰਗ 9 ਜੂਨ ਨੂੰ ਹੋਵੇਗੀ। ਸਿਆਲਕੋਟ ਵਿਚ 1877 ਵਿਚ ਜਨਮੇ ਅੱਲਾਮਾ ਮੁਹੰਮਦ ਇਕਬਾਲ ਪਾਕਿਸਤਾਨ ਦੇ ਰਾਸ਼ਟਰੀ ਕਵੀ ਹਨ। ਉਹ ਪਾਕਿਸਤਾਨ ਬਣਾਉਣ ਦੇ ਵਿਚਾਰ ਨੂੰ ਜਨਮ ਦੇਣ ਲਈ ਵੀ ਜਾਣਿਆ ਜਾਂਦਾ ਹੈ।

ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਸਿਲੇਬਸ ਵਿਚ ਕੁੱਲ 11 ਚੈਪਟਰ ਹਨ। ਇਨ੍ਹਾਂ ਵਿਚ ਰਾਜਾ ਰਾਮਮੋਹਨ ਰਾਏ, ਪੰਡਿਤਾ ਰਮਾਬਾਈ, ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਅਤੇ ਭੀਮ ਰਾਓ ਅੰਬੇਡਕਰ ਵਰਗੀਆਂ ਸ਼ਖ਼ਸੀਅਤਾਂ ਦੇ ਵਿਚਾਰਾਂ ਨਾਲ ਸਬੰਧਤ ਅਧਿਆਏ ਵੀ ਇਸ ਸਿਲੇਬਸ ਦਾ ਹਿੱਸਾ ਹਨ। ਇਨ੍ਹਾਂ ਵਿਚ ਇਕਬਾਲ ਕਮਿਊਨਿਟੀ ਨਾਂ ਦਾ ਇਕ ਚੈਪਟਰ ਹੈ, ਜਿਸ ਨੂੰ ਹਟਾਉਣ ਲਈ ਮਤਾ ਪਾਸ ਕੀਤਾ ਗਿਆ ਹੈ। 

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਮਤੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਨੇ ਮੁਹੰਮਦ ਇਕਬਾਲ ਨੂੰ ਸਿਲੇਬਸ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਉਹ ਪਾਕਿਸਤਾਨ ਦੇ ਦਾਰਸ਼ਨਿਕ ਪਿਤਾਮਾ ਅਤੇ ਇੱਕ ਕੱਟੜ ਸੋਚ ਵਾਲੇ ਵਿਅਕਤੀ ਸਨ।  ਜਿਨਾਹ ਨੂੰ ਮੁਸਲਿਮ ਲੀਗ ਦਾ ਆਗੂ ਬਣਾਉਣ ਪਿੱਛੇ ਇਕਬਾਲ ਦਾ ਵੱਡਾ ਹੱਥ ਸੀ। ਭਾਰਤ ਦੀ ਵੰਡ ਲਈ ਜਿਨਾਹ ਜਿੰਨਾ ਜ਼ਿੰਮੇਵਾਰ ਹੈ, ਓਨਾ ਹੀ ਇਕਬਾਲ ਵੀ ਹੈ।

ਇਕਬਾਲ ਦੇ ਚੈਪਟਰ ਨੂੰ ਸਿਲੇਬਸ ਤੋਂ ਹਟਾਉਣ ਲਈ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਅਕਾਦਮਿਕ ਕੌਂਸਲ ਦੀ ਬੈਠਕ ਸ਼ਨੀਵਾਰ ਦੁਪਹਿਰ ਤੱਕ ਚੱਲੀ। ਕੌਂਸਲ ਦੇ 100 ਵਿਚੋਂ ਪੰਜ ਮੈਂਬਰਾਂ ਨੇ ਸਿਲੇਬਸ ਬਦਲਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ। ਉਸ ਨੇ ਇਸ ਨੂੰ ਵੰਡਣ ਵਾਲਾ ਕਿਹਾ। ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਨੇ 12ਵੀਂ ਜਮਾਤ ਲਈ ਇਤਿਹਾਸ, ਨਾਗਰਿਕ ਸ਼ਾਸਤਰ ਅਤੇ ਹਿੰਦੀ ਦੇ ਸਿਲੇਬਸ ਵਿਚ ਕੁਝ ਬਦਲਾਅ ਕੀਤੇ ਹਨ। ਇਤਿਹਾਸ ਦੀ ਕਿਤਾਬ ਵਿਚੋਂ ਮੁਗਲ ਸਾਮਰਾਜ ਨਾਲ ਸਬੰਧਤ ਅਧਿਆਇ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਿੰਦੀ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਅਤੇ ਪੈਰੇ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।