ਰਾਂਚੀ: ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਇਕ ਬਾਰ ’ਚ ਡਿਸਕ ਜੌਕੀ (ਡੀ.ਜੇ.) ਦੀ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਸੋਮਵਾਰ ਨੂੰ ਦਸਿਆ ਕਿ ਮੁਲਜ਼ਮ ਨੂੰ ਗਯਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ’ਚ ਇਕ ਵਿਅਕਤੀ ਬਾਰ ’ਚ ਦਾਖਲ ਹੁੰਦਾ ਅਤੇ ਡੀ.ਜੇ. ਨੂੰ ਛਾਤੀ ’ਚ ਗੋਲੀ ਮਾਰਦਾ ਨਜ਼ਰ ਆ ਰਿਹਾ ਹੈ। ਵੀਡੀਉ ’ਚ ਵਿਖਾਇਆ ਗਿਆ ਹੈ ਕਿ ਮੁਲਜ਼ਮ ਨੇ ਸਿਰਫ ਹਾਫ ਪੈਂਟ ਪਹਿਨੀ ਹੋਈ ਹੈ ਅਤੇ ਉਸ ਦੇ ਹੱਥ ’ਚ ਰਾਈਫਲ ਹੈ।
ਡਿਸਕ ਜੌਕੀ ਉਹ ਵਿਅਕਤੀ ਹੁੰਦਾ ਹੈ ਜੋ ਸਰੋਤਿਆਂ ਲਈ ਰੀਕਾਰਡ ਕੀਤਾ ਪੌਪ ਜਾਂ ਡਾਂਸ ਸੰਗੀਤ ਵਜਾਉਂਦਾ ਹੈ। ਪੁਲਿਸ ਨੇ ਦਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਸੰਦੀਪ ਪ੍ਰਮਾਣਿਕ ਵਜੋਂ ਹੋਈ ਹੈ, ਜੋ ਪਛਮੀ ਬੰਗਾਲ ਦਾ ਰਹਿਣ ਵਾਲਾ ਸੀ।
ਰਾਂਚੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਚੰਦਨ ਕੁਮਾਰ ਸਿਨਹਾ ਨੇ ਦਸਿਆ ਕਿ ਮੁਲਜ਼ਮ ਨੂੰ ਗਯਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਰਾਂਚੀ ਲਿਆਂਦਾ ਜਾਵੇਗਾ ਅਤੇ ਗੋਲੀਬਾਰੀ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਥਾਰਤ ਪੁੱਛ-ਪੜਤਾਲ ਕੀਤੀ ਜਾਵੇਗੀ। ਮੁਲਜ਼ਮ ਦੀ ਪਛਾਣ ਰਾਂਚੀ ਦੇ ਰਹਿਣ ਵਾਲੇ ਅਭਿਸ਼ੇਕ ਸਿੰਘ ਵਜੋਂ ਹੋਈ ਹੈ।