ਲੋਕ ਸਭਾ ਚੋਣਾਂ : ਹਿਮਾਚਲ ਦੇ ਨੌਜੁਆਨਾਂ ਨੇ ਦਸਿਆ ਕਿਸ ਨੂੰ ਦੇਣਗੇ ਪਹਿਲੀ ਵੋਟ, ਨੌਕਰੀਆਂ ਅਤੇ ਸਿੱਖਿਆ ’ਤੇ ਜ਼ੋਰ
18 ਤੋਂ 19 ਸਾਲ ਦੀ ਉਮਰ ਵਰਗ ’ਚ ਪਹਿਲੀ ਵਾਰ ਵੋਟ ਪਾਉਣ ਵਾਲੇ 1.70 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਹੋਣਗੇ
ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਲਈ ਮਿਆਰੀ ਸਿੱਖਿਆ, ਨੌਕਰੀਆਂ ਦੇ ਮੌਕੇ ਅਤੇ ਔਰਤਾਂ ਦੀ ਸੁਰੱਖਿਆ ਪਹਿਲੀ ਤਰਜੀਹ ਹੈ। ਉਨ੍ਹਾਂ ਵਿਚੋਂ ਕੁੱਝ ਦੀ ਨਜ਼ਰ ਵਿਚ ਇਹ ਚੋਣ ‘ਭਾਜਪਾ ਦੀ ਤਾਨਾਸ਼ਾਹੀ’ ਅਤੇ ‘ਅਸਥਿਰ ਗੱਠਜੋੜ’ ‘ਇੰਡੀਆ’ ਵਿਚਾਲੇ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸੂਬੇ ’ਚ 18 ਤੋਂ 19 ਸਾਲ ਦੀ ਉਮਰ ਵਰਗ ’ਚ ਪਹਿਲੀ ਵਾਰ ਵੋਟ ਪਾਉਣ ਵਾਲੇ 1.70 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਹੋਣਗੇ। ਚਾਰ ਲੋਕ ਸਭਾ ਸੀਟਾਂ ’ਤੇ ਚੋਣਾਂ ਦੇ ਨਾਲ ਹੀ ਛੇ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ 1 ਜੂਨ ਨੂੰ ਹੋਣਗੀਆਂ।
ਪਹਿਲੀ ਵਾਰ ਵੋਟਰ ਬਣੀ ਸੋਲਨ ਦੀ ਰਹਿਣ ਵਾਲੀ ਰਿਆ ਦਾ ਕਹਿਣਾ ਹੈ ਕਿ ਮੁਫਤ ਸਹੂਲਤਾਂ ਦੇ ਕੇ ਵੋਟਰਾਂ ਨੂੰ ਖੁਸ਼ ਕਰਨ ਦੀਆਂ ਸਰਕਾਰਾਂ ਦੀਆਂ ਨੀਤੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਉਸ ਨੇ ਕਿਹਾ, ‘‘ਟੈਕਸ ਅਦਾ ਕਰਨ ਵਾਲੇ ਮੱਧ ਵਰਗ ਨੂੰ ਮੁਫਤ ਸਹੂਲਤਾਂ ਦਾ ਬੋਝ ਝੱਲਣਾ ਪੈਂਦਾ ਹੈ ਅਤੇ ਵਿਕਾਸ ਪ੍ਰਾਜੈਕਟਾਂ ਲਈ ਵਰਤਿਆ ਜਾਣ ਵਾਲਾ ਪੈਸਾ ਇਨ੍ਹਾਂ ’ਚ ਲਗਾਇਆ ਜਾਂਦਾ ਹੈ।’’
ਪਹਿਲੀ ਵਾਰੀ ਵੋਟ ਦੇਣ ਲਈ ਤਿਆਰ ਨਿਤੀਸ਼ ਨੇ ਕਿਹਾ, ‘‘ਮੈਂ ਤਾਨਾਸ਼ਾਹੀ ਅਤੇ ਗੱਠਜੋੜ ਵਿਚੋਂ ਕਿਸੇ ਇਕ ਨੂੰ ਚੁਣਨ ਨੂੰ ਲੈ ਕੇ ਦੁਬਿਧਾ ਵਿਚ ਹਾਂ।’’ ਤਾਨਾਸ਼ਾਹੀ ਤੋਂ ਉਸ ਦਾ ਇਸ਼ਾਰਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲ ਸੀ ਜਦਕਿ ਗੱਠਜੋੜ ਸ਼ਬਦ ਉਸ ਨੇ ‘ਇੰਡੀਆ’ ਲਈ ਕਿਹਾ। ਨਿਤੀਸ਼ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਮੇਰੀ ਆਵਾਜ਼ ਸੁਣੀ ਜਾਵੇ ਅਤੇ ਸਿਆਸਤ ਵਿਚ ਸਕਾਰਾਤਮਕ ਤਬਦੀਲੀ ਆਵੇ।’’
ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ’ਚ ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਤ੍ਰਿਣਮੂਲ ਕਾਂਗਰਸ ਸਮੇਤ 26 ਪਾਰਟੀਆਂ ਹਨ।
ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀ ਰੋਹਿਤ ਨੇ ਕਿਹਾ, ‘‘ਭਾਜਪਾ ਸਰਕਾਰ ਹੰਕਾਰੀ ਹੋ ਗਈ ਹੈ, ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਮੋਦੀ ਨੂੰ ਵੋਟ ਦੇਣ ਦਾ ਮਤਲਬ ਤਾਨਾਸ਼ਾਹੀ ਸਰਕਾਰ ਦਾ ਸਮਰਥਨ ਕਰਨਾ ਹੋਵੇਗਾ। ਦੂਜੇ ਪਾਸੇ ‘ਇੰਡੀਆ’ ਗੱਠਜੋੜ ਨੂੰ ਵੋਟ ਦੇਣ ਨਾਲ ਅਸਥਿਰ ਸਰਕਾਰ ਬਣਨ ਦੀ ਸੰਭਾਵਨਾ ਹੈ, ਜੋ ਦੇਸ਼ ਲਈ ਚੰਗਾ ਨਹੀਂ ਹੋਵੇਗਾ।’’
ਪਿਛਲੇ 10 ਸਾਲਾਂ ’ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ’ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੇ ਰਲਵੀਂ-ਮਿਲਵੀੀ ਪ੍ਰਤੀਕਿਰਿਆਵਾਂ ਦਿਤੀ, ਕੁੱਝ ਨੇ ਸਰਕਾਰ ਦੇ ਕਾਰਜਕਾਲ ਦੀ ਤਾਰੀਫ਼ ਕੀਤੀ ਜਦਕਿ ਕੁੱਝ ਨੇ ਇਸ ਦੀ ਕਾਰਗੁਜ਼ਾਰੀ ਦੀ ਆਲੋਚਨਾ ਕੀਤੀ।
ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਸੰਜੌਲੀ ਵਿਚ ਪੱਤਰਕਾਰੀ ਦੀ ਵਿਦਿਆਰਥਣ ਅੰਸ਼ੁਲ ਠਾਕੁਰ ਨੇ ਕਿਹਾ ਕਿ ਉਹ ਅਪਣੀ ਪਹਿਲੀ ਵੋਟ ਪਾਉਣ ਲਈ ਉਤਸ਼ਾਹਿਤ ਹੈ। ਠਾਕੁਰ ਨੇ ਕਿਹਾ ਕਿ ਉਹ ਉਸ ਪਾਰਟੀ ਨੂੰ ਵੋਟ ਦੇਵੇਗੀ ਜੋ ਸਰਕਾਰੀ ਅਤੇ ਨਿੱਜੀ ਖੇਤਰਾਂ ’ਚ ਨੌਕਰੀਆਂ ਦੇ ਬਿਹਤਰ ਮੌਕੇ ਲਿਆਉਂਦੀ ਹੈ ਅਤੇ ਔਰਤਾਂ ਦੀ ਸੁਰੱਖਿਆ ’ਚ ਸੁਧਾਰ ਲਈ ਵਚਨਬੱਧ ਹੈ।