ਜੋਧਪੁਰ ਦੇ ਨਜ਼ਰਬੰਦ ਸਿੰਘਾਂ ਨੂੰ ਕੇਂਦਰ ਸਰਕਾਰ ਦੇਵੇ ਮੁਆਵਜ਼ਾ
ਰਾਸ਼ਟਰੀ ਸਿੱਖ ਸੰਗਤ (ਆਰਐਸਐਸ) ਦੇ ਇਕ ਵਫ਼ਦ ਨੇ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਜੋਧਪੁਰ ਵਿਚ ਨਜ਼ਰਬੰਦ ਸਿੰਘਾਂ ਦੇ ਮਾਮਲੇ
ਨਵੀਂ ਦਿੱਲੀ, ਰਾਸ਼ਟਰੀ ਸਿੱਖ ਸੰਗਤ (ਆਰਐਸਐਸ) ਦੇ ਇਕ ਵਫ਼ਦ ਨੇ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਜੋਧਪੁਰ ਵਿਚ ਨਜ਼ਰਬੰਦ ਸਿੰਘਾਂ ਦੇ ਮਾਮਲੇ ਵਿਚ ਮੁਆਵਜ਼ਾ ਦੇਣ ਦੀ ਅਪੀਲ ਕੀਤੀ। ਵਫ਼ਦ ਵਿਚ ਆਰਐਸਐਸ ਦੇ ਅਹੁਦੇਦਾਰ ਅਵਿਨਾਸ਼ ਜਾਇਸਵਾਲ, ਡਾ. ਅਵਤਾਰ ਸਿੰਘ ਸ਼ਾਸਤਰੀ, ਆਰ ਪੀ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪ੍ਰਧਾਨ ਸ. ਮਨਜੀਤ ਸਿੰਘ ਭੋਮਾ, ਅਮਰਜੀਤ ਸਿੰਘ ਜਨਰਲ ਸਕੱਤਰ ਆਦਿ ਸ਼ਾਮਲ ਸਨ। ਰਾਜਨਾਥ ਸਿੰਘ ਨੇ ਵਫ਼ਦ ਨੂੰ ਕਿਹਾ
ਕਿ ਉਹ ਕੇਂਦਰ ਸਰਕਾਰ ਦੇ ਹਿੱਸੇ ਦਾ ਭੁਗਤਾਨ ਕਰ ਦੇਣਗੇ ਅਤੇ ਕਾਨੂੰਨ ਵਿਭਾਗ ਨੂੰ ਨਿਰਦੇਸ਼ ਦੇਣਗੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ ਅਧੀਨ 40 ਅਪੀਲਾਂ ਨੂੰ ਵਾਪਸ ਲਿਆ ਜਾਵੇ। ਵਫ਼ਦ ਨੇ ਸਿੱਖਾਂ ਦੀ ਕਈ ਹੋਰ ਮੰਗਾਂ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ, ਸ਼ਿਲਾਂਗ ਦੇ ਸਿੱਖਾਂ ਦੇ ਮਸਲੇ ਹਲ ਕਰਨਾ, ਕਾਲੀ ਸੂਚੀ ਖ਼ਤਮ ਕਰਨ ਆਦਿ ਵੀ ਰਾਜਨਾਥ ਸਿੰਘ ਕੋਲ ਚੁੱਕੀਆਂ ਜਿਨ੍ਹਾਂ ਨੂੰ ਪੂਰਾ ਕਰਨ ਦਾ ਉਨ੍ਹਾਂ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ 1984 ਦੇ ਪੀੜਤਾਂ ਨੂੰ ਪੰਜ-ਪੰਜ ਲੱਖ ਦਾ ਮੁਆਵਜ਼ਾ ਦੇਣ ਅਤੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਅਤੇ ਉਹ ਖ਼ੁਦ ਸਿੱਖ ਕਤਲੇਆਮ ਪੀੜਤਾਂ ਨੂੰ ਮਿਲੇ ਸਨ।