ਐਮਰਜੈਂਸੀ : ਜੇਤਲੀ ਨੇ ਸੁਪਰੀਮ ਕੋਰਟ, ਮੀਡੀਆ ਤੇ ਕਾਮਰੇਡਾਂ ਨੂੰ ਲਪੇਟੇ ਵਿਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਖੱਬੇਪੱਖੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸੀਪੀਆਈ ਨੇ ਐਮਰਜੈਂਸੀ ਦਾ ਸਮਰਥਨ ਕੀਤਾ ਸੀ ਜਦਕਿ ਸੀਪੀਐਮ ...

Arun Jaitely

ਨਵੀਂ ਦਿੱਲੀ,  ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਖੱਬੇਪੱਖੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸੀਪੀਆਈ ਨੇ ਐਮਰਜੈਂਸੀ ਦਾ ਸਮਰਥਨ ਕੀਤਾ ਸੀ ਜਦਕਿ ਸੀਪੀਐਮ ਨੇ ਉਸ ਦਮਨਕਾਰੀ ਦੌਰ ਵਿਰੁਧ ਸੰਘਰਸ਼ ਵਿਚ ਸਰਗਰਮੀ ਨਾਲ ਹਿੱਸਾ ਨਹੀਂ ਲਿਆ ਸੀ। ਐਮਰਜੈਂਸੀ ਦੇ ਮੁੱਦੇ 'ਤੇ ਤੀਜੇ ਅਤੇ ਆਖ਼ਰੀ ਹਿੱਸੇ ਵਿਚ ਜੇਤਲੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਰਾਮ ਮਨੋਹਰ ਲੋਹੀਆ ਦੇ ਸਮਾਜਵਾਦੀ ਸਮਰਥਕ ਅਤੇ ਪ੍ਰਸ਼ੰਸਕ ਲੰਮੇ ਸਮੇਂ ਵਿਚ ਕਾਂਗਰਸ ਨਾਲ ਕਿਵੇਂ ਕੰਮ ਕਰਨਗੇ। ਜੇਤਲੀ ਨੇ ਫ਼ੇਸੁਬੁਕ 'ਤੇ ਲਿਖਿਆ, 'ਭਾਰਤ ਦੀਆਂ ਖੱਬੇਪੱਖੀ ਪਾਰਟੀਆਂ ਮੇਰੇ ਲਈ ਹਮੇਸ਼ਾ ਬੁਝਾਰਤ ਰਹੀਆਂ ਹਨ।

ਸੀਪੀਆਈ ਤਾਂ ਐਮਰਜੈਂਸੀ ਦੀ ਬੇਸ਼ਰਮ ਸਮਰਥਕ ਸੀ। ਇਸ ਦੀ ਰਾਜਨੀਤਕ ਸੋਚ ਸੀ ਕਿ ਐਮਰਜੈਂਸੀ ਫ਼ਾਸ਼ੀਵਾਦ ਵਿਰੁਧ ਜੰਗ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵੇਲੇ ਸੁਪਰੀਮ ਕੋਰਟ ਪੂਰੀ ਤਰ੍ਹਾਂ ਅਧੀਨ ਹੋ ਕੇ ਕੰਮ ਕਰਨ ਲੱਗੀ, ਮੀਡੀਆ ਚਾਪਲੂਸੀ ਕਰਨ ਲੱਗਾ।  ਕੇਂਦਰੀ ਮੰਤਰੀ ਨੇ ਲਿਖਿਆ, 'ਸਿਧਾਂਤਕ ਤੌਰ 'ਤੇ ਸੀਪੀਐਮ ਐਮਰਜੈਂਸੀ ਵਿਰੁਧ ਅਤੇ ਇਸ ਦੀ ਆਲੋਚਕ ਸੀ ਪਰ ਇਸ ਨੇ ਸੰਘਰਸ਼ ਵਿਚ ਸਰਗਰਮੀ ਨਾਲ ਹਿੱਸਾ ਨਹੀਂ ਲਿਆ। ਇਸ ਦੇ ਸਿਰਫ਼ ਦੋ ਸੰਸਦ ਮੈਂਬਰ ਗ੍ਰਿਫ਼ਤਾਰ ਕੀਤੇ ਗਏ ਸਨ। ਬਾਕੀਆਂ ਦੀ ਗ੍ਰਿਫ਼ਤਾਰੀ ਨਾਂਹ ਦੇ ਬਰਾਬਰ ਸੀ।' 

ਉਨ੍ਹਾਂ ਕਿਹਾ ਕਿ ਕਾਂਗਰਸ, ਸਮਾਜਵਾਦੀ ਪਾਰਟੀਆਂ, ਆਜ਼ਾਦ ਪਾਰਟੀ, ਜਨਸੰਘ ਅਤੇ ਆਰਐਸਐਸ ਐਮਰਜੈਂਸੀ ਵਿਰੁਧ ਸਤਿਆਗ੍ਰਹਿ ਅਤੇ ਪ੍ਰਦਰਸ਼ਨ ਵਿਚ ਮੁੱਖ ਭਾਈਵਾਲ ਸਨ। ਜੇਤਲੀ ਨੇ ਕਿਹਾ, 'ਸਮਾਜਵਾਦੀ ਨੇਤਾ ਰਾਮ ਮਨੋਹਰ ਲੋਹੀਆ ਦੇ ਪ੍ਰਸ਼ੰਸਕਾਂ ਅਤੇ ਐਮਰਜੈਂਸੀ ਮਗਰੋਂ ਉਨ੍ਹਾਂ ਦੇ ਉਭਾਰ ਨੇ ਬਹੁਤ ਜਗਿਆਸਾ ਪੈਦਾ ਕੀਤਾ ਹੈ। ਜਾਰਜ ਫ਼ਰਨਾਂਡੇਜ਼, ਮਧੂ ਲਿਮਯੇ ਅਤੇ ਰਾਜ ਨਾਰਾਹਿਣ ਲੋਹੀਆ ਦੀ ਵਿਰਾਸਤ ਦੀ ਪ੍ਰਤੀਨਿਧਤਾ ਕਰਦੇ ਸੀ

ਅਤੇ ਇਹ ਸਾਰੇ ਕਾਂਗਰਸ ਵਿਰੋਧੀ ਸਨ।' ਉਨ੍ਹਾਂ ਕਿਹਾ, 'ਅੱਜ ਯੂਪੀ ਵਿਚ ਮੁਲਾਇਮ ਸਿੰਘ ਯਾਦਵ ਅਤੇ ਬਿਹਾਰ ਵਿਚ ਨਿਤੀਸ਼ ਕੁਮਾਰ ਨੂੰ ਉਹ ਵਿਰਾਸਤ ਮਿਲੀ ਹੈ। ਕਾਂਗਰਸ ਵਿਰੋਧ ਦੇ ਰੁਝਾਨ ਦੋਹਾਂ ਵਿਚ ਵੇਖਦੀ ਹੈ ਪਰ ਯਾਦਵ ਦੀ ਪਾਰਟੀ ਕਾਂਗਰਸ ਨਾਲ ਹਮੇਸ਼ਾ ਕੰਮ ਕਰਨ ਲਈ ਤਿਆਰ ਦਿਸਦੀ ਹੈ।' (ਏਜੰਸੀ)