ਬੈਂਕ ਕਰਜ਼ਾ ਨਾ ਮੋੜਨ ਵਾਲਿਆਂ ਦੀ ਪਛਾਣ ਬਣ ਗਿਆ ਹਾਂ : ਮਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਕਿਹਾ ਕਿ ਉਹ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਦੀ ਪਛਾਣ ਬਣ ਗਿਆ ਹੈ ਅਤੇ ਉਸ ਦੇ ਨਾਮ ਦਾ ਜ਼ਿਕਰ ਹੁੰਦਿਆਂ...

Vijay Malya

ਨਵੀਂ ਦਿੱਲੀ : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਕਿਹਾ ਕਿ ਉਹ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਦੀ ਪਛਾਣ ਬਣ ਗਿਆ ਹੈ ਅਤੇ ਉਸ ਦੇ ਨਾਮ ਦਾ ਜ਼ਿਕਰ ਹੁੰਦਿਆਂ ਹੀ ਲੋਕਾਂ ਦਾ ਗੁੱਸਾ ਭੜਕ ਜਾਂਦਾ ਹੈ। ਮਾਲਿਆ ਨੇ ਕਾਫ਼ੀ ਸਮੇਂ ਬਾਅਦ ਅਪਣੀ ਚੁੱਪ ਤੋੜਦਿਆਂ ਬਿਆਨ ਜਾਰੀ ਕੀਤਾ ਹੈ। ਉਸ ਨੇ ਕਿਹਾ, 'ਮੈਂ ਮੰਦੇਭਾਗੀਂ ਜਿਸ ਵਿਵਾਦ ਵਿਚ ਘਿਰਿਆ ਹੋਇਆ ਹਾਂ, ਉਸ ਦੇ ਤੱਥ ਸਾਹਮਣੇ ਰਖਣਾ ਚਾਹੁੰਦਾ ਹਾਂ।' 

ਮਾਲਿਆ ਮੁਤਾਬਕ ਉਸ ਨੇ ਇਸ ਮਾਮਲੇ ਵਿਚ ਅਪਣਾ ਪੱਖ ਰੱਖਣ ਲਈ ਪੰਜ ਅਪ੍ਰੈਲ 2016 ਨੂੰ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਪੱਤਰ ਲਿਖਿਆ ਸੀ। ਬਿਆਨ ਮੁਤਾਬਕ ਉਸ ਨੂੰ ਕਿਸੇ ਕੋਲੋਂ ਵੀ ਜਵਾਬ ਨਹੀਂ ਮਿਲਿਆ। ਮਾਲਿਆ ਨੇ ਕਿਹਾ, 'ਸਿਆਸੀ ਆਗੂਆਂ ਅਤੇ ਮੀਡੀਆ ਨੇ ਮੇਰੇ ਵਿਰੁਧ ਇਸ ਤਰ੍ਹਾਂ ਦੇ ਦੋਸ਼ ਲਾਏ ਜਿਵੇਂ ਕਿੰਗਫ਼ਿਸ਼ਰ ਏਅਰਲਾਈਨਜ਼ ਨੂੰ ਦਿਤੇ ਗਏ 9000 ਕਰੋੜ ਰੁਪਏ ਦਾ ਕਰਜ਼ਾ ਮੈਂ ਚੋਰੀ ਕਰ ਲਿਆ ਅਤੇ ਭੱਜ ਗਿਆ।

ਕੁੱਝ ਕਰਜ਼ਦਾਤਾ ਬੈਂਕਾਂ ਨੇ ਵੀ ਮੈਨੂੰ ਜਾਣ-ਬੁਝ ਕੇ ਕਰਜ਼ਾ ਨਾ ਮੋੜਨ ਵਾਲਾ ਕਰਾਰ ਦਿਤਾ।' ਮਾਲਿਆ ਨੇ ਇਸ ਮਾਮਲੇ ਵਿਚ ਸੀਬੀਆਈ ਅਤੇ ਈਡੀ ਦੁਆਰਾ ਉਸ ਵਿਰੁਧ ਦਾਖ਼ਲ ਦੋਸ਼ਪੱਤਰਾਂ ਨੂੰ ਸਰਕਾਰ ਅਤੇ ਕਰਜ਼ਦਾਤਾ ਬੈਂਕਾਂ ਵਲੋਂ ਆਧਾਰਹੀਣ ਅਤੇ ਝੂਠੇ ਦੋਸ਼ਾਂ ਬਾਰੇ ਕੀਤੀ ਗਈ ਕਾਰਵਾਈ ਦਸਿਆ। ਮਾਲਿਆ ਮੁਤਾਬਕ ਈਡੀ ਨੇ ਉਸ ਦੀ,

ਉਸ ਦੀਆਂ ਸਮੂਹ ਕੰਪਨੀਆਂ ਅਤੇ ਉਸ ਦੇ ਪਰਵਾਰ ਦੀਆਂ ਕੰਪਨੀਆਂ ਦੀਆਂ ਸੰਪਤੀਆਂ ਕੁਰਕ ਕਰ ਦਿਤੀਆਂ ਜਿਨ੍ਹਾਂ ਦਾ ਮੁਲ ਲਗਭਗ 13900 ਕਰੋੜ ਰੁਪਏ ਹੈ। ਉਸ ਨੇ ਕਿਹਾ, 'ਮੈਂ ਬੈਂਕ ਡਿਫ਼ਾਲਟ ਕਰਨ ਵਾਲਿਆਂ ਦਾ 'ਪੋਸਟਰ ਬੁਆਏ' ਬਣ ਗਿਆ ਹਾਂ ਅਤੇ ਮੇਰਾ ਨਾਮ ਆਉਂਦਿਆਂ ਹੀ ਲੋਕਾਂ ਦਾ ਗੁੱਸਾ ਭੜਕ ਜਾਂਦਾ ਹੈ।' (ਏਜੰਸੀ)