ਜਿਸਮਾਨੀ ਹਿੰਸਾ ਕਾਰਨ ਭਾਰਤ ਔਰਤਾਂ ਲਈ ਸੱਭ ਤੋਂ ਖ਼ਤਰਨਾਕ ਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿਮਸਾਨੀ ਹਿੰਸਾ ਦੇ ਵਧੇ ਖ਼ਤਰਿਆਂ ਕਾਰਨ ਭਾਰਤ ਔਰਤਾਂ ਲਈ ਦੁਨੀਆਂ ਦਾ ਸੱਭ ਤੋਂ ਖ਼ਤਰਨਾਕ ਦੇਸ਼ ਬਣ ਗਿਆ ਹੈ। ਇਸ ਸੂਚੀ ਵਿਚ ਭਾਰਤ ਮਗਰੋਂ ਅਫ਼ਗ਼ਾਨਿਸਤਾਨ ...

Girl Violence

ਨਵੀਂ ਦਿੱਲੀ,ਜਿਮਸਾਨੀ ਹਿੰਸਾ ਦੇ ਵਧੇ ਖ਼ਤਰਿਆਂ ਕਾਰਨ ਭਾਰਤ ਔਰਤਾਂ ਲਈ ਦੁਨੀਆਂ ਦਾ ਸੱਭ ਤੋਂ ਖ਼ਤਰਨਾਕ ਦੇਸ਼ ਬਣ ਗਿਆ ਹੈ। ਇਸ ਸੂਚੀ ਵਿਚ ਭਾਰਤ ਮਗਰੋਂ ਅਫ਼ਗ਼ਾਨਿਸਤਾਨ ਅਤੇ ਸੀਰੀਆ ਦਾ ਨਾਮ ਆਉਂਦਾ ਹੈ। ਸੰਸਾਰ ਮਾਹਰਾਂ ਦੇ ਜਾਰੀ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਔਰਤਾਂ ਦੇ ਮੁੱਦਿਆਂ ਬਾਰੇ ਕਰੀਬ 550 ਮਾਹਰਾਂ ਦੇ 'ਥਾਮਸਨ ਰਾਈਟਰਜ਼ ਫ਼ਾਊਂਡੇਸ਼ਨ' ਸਰਵੇਖਣ ਮੁਤਾਬਕ ਇਸ ਸੂਚੀ ਵਿਚ ਚੌਥੇ ਅਤੇ ਪੰਜਵੇਂ ਨੰਬਰ 'ਤੇ ਸੋਮਾਲੀਆ ਅਤੇ ਸਾਊਦੀ ਅਰਬ ਹਨ।

ਫ਼ੋਨ ਅਤੇ ਨਿਜੀ ਤੌਰ 'ਤੇ 26 ਮਾਰਚ ਤੋਂ ਚਾਰ ਮਈ ਤਕ ਆਨਲਾਈਨ ਕਰਾਏ ਗਏ 548 ਲੋਕਾਂ ਦੇ ਸਰਵੇਖਣ ਵਿਚ ਯੂਰਪ, ਅਫ਼ਰੀਕਾ, ਅਮਰੀਕਾ, ਦਖਣੀ ਪੂਰਬ ਏਸ਼ੀ, ਦਖਣੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਨੂੰ ਸ਼ਾਮਲ ਕੀਤਾ ਗਿਆ। ਫ਼ਾਊਂਡੇਸ਼ਨ ਮੁਤਾਬਕ ਅਮਰੀਕਾ ਔਰਤਾਂ ਨਾਲ ਜਿਸਮਾਨੀ ਹਿੰਸਾ, ਸ਼ੋਸ਼ਣ ਅਤੇ ਜਿਸਮਾਨੀ ਸਬੰਧਾਂ ਲਈ ਮਜਬੂਰ ਕਰਨ ਦੇ ਜੋਖਮ ਵਾਲੀ ਸੂਚੀ ਵਿਚ ਸਿਖਰਲੇ ਦਸਾਂ ਵਿਚ ਸ਼ਾਮਲ ਹੈ।

ਇਸ ਤੋਂ ਪਹਿਲਾਂ 2011 ਵਿਚ ਕਰਾਏ ਗਏ ਇਸ ਤਰ੍ਹਾਂ ਦੇ ਸਰਵੇਖਣ ਵਿਚ ਔਰਤਾਂ ਲਈ ਸੱਭ ਤੋਂ ਖ਼ਤਰਨਾਕ ਦੇਸ਼ਾਂ ਵਿਚ ਕ੍ਰਮਵਾਰ ਅਫ਼ਗ਼ਾਨਿਸਤਾਨ, ਕਾਂਗੋ, ਪਾਕਿਸਤਾਨ, ਭਾਰਤ ਅਤੇ ਸੋਮਾਲੀਆ ਸਨ। ਸਰਵੇਖਣ ਵਿਚ ਲੋਕਾਂ ਨੂੰ ਪੁਛਿਆ ਗਿਆ ਕਿ ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਵਿਚੋਂ ਉਹ ਪੰਜ ਦੇਸ਼ ਕਿਹਡੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਔਰਤਾਂ ਲਈ ਬਹੁਤ ਖ਼ਤਰਨਾਕ ਹਨ ਅਤੇ ਉਹ ਸਿਹਤ, ਆਰਥਕ ਸਾਧਨ, ਰਵਾਇਤਾਂ, ਜਿਸਮਾਨੀ ਹਿੰਸਾ ਅਤੇ ਸ਼ੋਸ਼ਣ, ਮਨੁੱਖ ਤਸਕਰੀ ਦੇ ਸੰਦਰਭ ਵਿਚ ਬਹੁਤ ਖ਼ਰਾਬ ਹਨ।

ਫ਼ਾਊਂਡੇਸ਼ਨ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸਰਵੇਖਣ ਵਿਚ ਸ਼ਾਮਲ ਲੋਕਾਂ ਨੇ ਭਾਰਤ ਨੂੰ ਔਰਤਾਂ ਨੂੰ ਗ਼ੁਲਾਮ ਬਣਾਉਣ, ਘਰੇਲੂ ਕੰਮ ਸਮੇਤ ਮਨੁੱਖੀ ਤਸਕਰੀ ਅਤੇ ਜਬਰਨ ਵਿਆਹ, ਕੰਨਿਆ ਭਰੂਣ ਹਤਿਆ ਜਿਹੀਆਂ ਰਵਾਇਤਾਂ ਦੇ ਸੰਦਰਭ ਵਿਚ ਵੀ ਸੱਭ ਤੋਂ ਖ਼ਤਰਨਾਕ ਦੇਸ਼ ਦਸਿਆ। (ਏਜੰਸੀ)