ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਅੰਤਰਾਸ਼ਟਰੀ ਬਾਲ ਸ਼ਹੀਦੀ ਦਿਵਸ ਵਜੋਂ ਮਨਾਉਣ ਦੀ ਮੰਗ
ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਅੰਤਰਾਸ਼ਟਰੀ.....
ਕਾਲਾਂਵਾਲੀ : ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਅੰਤਰਾਸ਼ਟਰੀ ਬਾਲ ਸ਼ਹੀਦੀ ਦਿਵਸ ਦੇ ਰੂਪ ਵਿਚ ਮਨਾਉਣ ਦੀ ਮੰਗ ਨੂੰ ਲੈ ਕੇ ਹਰਿਆਣਾ ਵਿਚੋਂ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਰਨੈਲ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਦੇਸ਼ ਇਕ ਅਜਿਹਾ ਦੇਸ਼ ਹੈ ਜਿਸ ਲਈ ਅਨੇਕਾਂ ਬੱਚਿਆਂ ਨੇ ਵੀ ਕੁਰਬਾਨੀਆਂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਜਿੰਨੇ ਵੀ ਸ਼ਹੀਦ ਹਨ, ਉਨ੍ਹਾਂ ਨੂੰ ਬਾਲ ਸ਼ਹੀਦ ਮੰਨਿਆ ਜਾਂਦਾ ਹੈ ਜਿਵੇਂ ਕਿ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ, ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਅਨੇਕਾਂ ਸ਼ਹੀਦ ਹਨ ਜਿਨ੍ਹਾਂ ਨੂੰ ਬਾਲ ਸ਼ਹੀਦ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਦੇਸ਼ ਲਈ ਸ਼ਹੀਦ ਹੋਏ ਇਨ੍ਹਾਂ ਬਾਲ ਸ਼ਹੀਦਾਂ ਦੇ ਸਨਮਾਨ ਲਈ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਅੰਤਰਰਾਸ਼ਟਰੀ ਬਾਲ ਸ਼ਹੀਦੀ ਦਿਵਸ ਦੇ ਰੂਪ ਵਿਚ ਮਨਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਜਾਣਕਾਰੀ ਦਿਤੀ ਕਿ ਇਸ ਮੰਗ ਨੂੰ ਲੈ ਕੇ ਇਕ ਹਸਤਾਖਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਆਗ਼ਾਜ 10 ਜੁਲਾਈ ਨੂੰ ਮੰਡੀ ਕਾਲਾਂਵਾਲੀ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰ ਕੇ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸੀ ਆਗੂ ਸ਼ੀਸ਼ਪਾਲ ਕੇਹਰਵਾਲਾ, ਕੁਲਦੀਪ ਸਿੰਘ ਗਦਰਾਣਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਚਰਨ ਸਿੰਘ ਸਿਰਸਾ, ਸਤਿੰਦਰ ਸਿੰਘ ਸੋਨੀ ਸਰਪੰਚ ਤਿਲੋਕੇਵਾਲਾ, ਜਗਵਿੰਦਰ ਸਿੰਘ ਖਤਰਾਵਾਂ
ਆਦਿ ਨੇ ਵੀ ਇਸ ਮੰਗ ਨੂੰ ਲੈ ਕੇ ਅਪੀਲ ਕੀਤੀ ਅਤੇ ਕਿਹਾ ਕਿ ਦੇਸ਼ ਲਈ ਛੋਟੀ ਉਮਰ ਵਿਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਬਾਲ ਸ਼ਹੀਦਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮਾਂ ਦਿਵਸ, ਪਿਤਾ ਦਿਵਸ ਅਤੇ ਹੋਰ ਅਨੇਕਾਂ ਦਿਨ ਮਨਾਏ ਜਾਂਦੇ ਹਨ, ਇਸੇ ਤਰ੍ਹਾਂ ਬਾਲ ਸ਼ਹੀਦੀ ਦਿਵਸ ਵੀ ਮਨਾਇਆ ਜਾਣਾ ਚਾਹੀਦਾ ਹੈ।