ਭਾਜਪਾ ਦੀਆਂ ਸਾਜ਼ਸ਼ਾਂ ਤੋਂ ਲੋਕ ਤੰਗ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਗਠਜੋੜ ਸਰਕਾਰ ਤੋਂ ਵੱਖ ਹੋਣ ਦੇ ਫ਼ੈਸਲੇ ਕਾਰਨ ਭਾਜਪਾ ਦੀ ਆਲੋਚਨਾ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਪਾਰਟੀ ਦੀਆਂ ਸਾਜ਼ਸ਼ਾਂ ਤੋਂ ਜਨਤਾ ਤੰਗ ...

Shiv Sena

ਮੁੰਬਈ: ਜੰਮੂ-ਕਸ਼ਮੀਰ ਵਿਚ ਗਠਜੋੜ ਸਰਕਾਰ ਤੋਂ ਵੱਖ ਹੋਣ ਦੇ ਫ਼ੈਸਲੇ ਕਾਰਨ ਭਾਜਪਾ ਦੀ ਆਲੋਚਨਾ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਪਾਰਟੀ ਦੀਆਂ ਸਾਜ਼ਸ਼ਾਂ ਤੋਂ ਜਨਤਾ ਤੰਗ ਹੋ ਚੁੱਕੀ ਹੈ ਅਤੇ ਭਾਜਪਾ ਨੂੰ ਸੱਚ ਬੋਲਣਾ ਸਿਖਣਾ ਚਾਹੀਦਾ ਹੈ। ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਕਸ਼ਮੀਰ ਵਿਚ ਭਾਰਤੀ ਜਨਤਾ ਪਾਰਟੀ ਨੇ ਮੁਖੌਟਾ ਲਾਹ ਦਿਤਾ ਹੈ ਅਤੇ ਚੋਣ ਦੀ ਰਾਜਨੀਤੀ ਸ਼ੁਰੂ ਕਰ ਦਿਤੀ ਹੈ।

ਮਹਾਰਾਸ਼ਟਰ ਸਰਕਾਰ ਵਿਚ ਭਾਜਪਾ ਦੀ ਗਠਜੋੜ ਭਾਈਵਾਲੀ ਸ਼ਿਵ ਸੈਨਾ ਦਾ ਕਹਿਣਾ ਹੈ ਕਿ ਪੀਡੀਪੀ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਤਜਵੀਜ਼ ਅਤੇ ਨੱਠ-ਭੱਜ ਭਾਜਪਾ ਨੇ ਹੀ ਕੀਤੀ ਸੀ। ਪਾਰਟੀ ਨੇ ਅਪਣੇ ਰਸਾਲੇ ਵਿਚ ਲਿਖਿਆ, 'ਤਿੰਨ ਸਾਲ ਤਕ ਪੀਡੀਪੀ ਨਾਲ ਗੱਦੀ ਗਰਮ ਕਰਨ ਤੋਂ ਬਾਅਦ ਭਾਜਪਾ ਵਲੋਂ ਸਪੱਸ਼ਟੀਕਰਨ ਦਿਤਾ ਜਾ ਰਿਹਾ ਹੈ ਕਿ ਸਰਕਾਰ ਕੰਮ ਨਹੀਂ ਕਰ ਰਹੀ ਸੀ, ਇਸ ਲਈ ਅਤਿਵਾਦ ਵਧ ਗਿਆ, ਲੇਹ-ਲਦਾਖ਼ ਦੇ ਵਿਕਾਸ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਜਿਸ ਕਾਰਨ ਸਰਕਾਰ ਡੇਗਣੀ ਪਈ।' 

ਸ਼ਿਵ ਸੈਨਾ ਨੇ ਕਿਹਾ ਕਿ ਲੋਕ ਹੁਣ ਇਸ ਸਾਜ਼ਸ਼ ਤੋਂ ਤੰਗ ਹੋ ਚੁੱਕੇ ਹਨ। ਕੋਹੀ ਤਾਂ ਉਨ੍ਹਾਂ ਨੂੰ ਸੱਚ ਬੋਲਣ ਦੀ ਸਿਖਲਾਈ ਦੇਵੇ। ਪਾਰਟੀ ਦਾ ਕਹਿਣਾ ਹੈ, 'ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਾਰੀ ਜ਼ਿੰਮੇਵਾਰੀ ਪੀਡੀਪੀ ਉਤੇ ਸੁੱਟ ਦਿਤੀ ਹੈ ਅਤੇ ਕਸ਼ਮੀਰ ਦੇ ਸਤਿਆਨਾਸ ਲਈ ਭਾਜਪਾ ਨੂੰ ਜ਼ਿੰਮੇਵਾਰ ਨਾ ਬਣਾ ਕੇ ਪੀਡੀਪੀ ਨੂੰ ਜ਼ਿੰਮੇਵਾਰ ਬਣਾ ਦਿਤਾ ਹੈ।' (ਏਜੰਸੀ)