ਛੇ ਸੰਭਾਵਿਤ ਮੈਡੀਕਲ ਟੀਚਿਆਂ ਦੀ ਕੀਤੀ ਪਛਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਤੋਂ ਬਚਾਅ ਲਈ ਹੋਰ ਅੱਗੇ ਵਧੇ ਵਿਗਿਆਨੀ

corona

ਲੰਡਨ, 26 ਜੂਨ: ਗੰਭੀਰ ਰੂਪ ਨਾਲ ਬੀਮਾਰ ਕੋਵਿਡ-19 ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੇ ਪ੍ਰਤੀ ਬੀਮਾਰੀ ਪ੍ਰਤੀਰੋਧਕ ਪ੍ਰਤੀਕਿਰਿਆ ਦਾ ਮੁਲਾਂਕਣ ਕਰ ਕੇ ਵਿਗਿਆਨੀਆਂ ਨੇ 6 ਅਣੂਆਂ ਦੇ ਅਨੋਖੇ ਪੈਟਰਨ ਦੀ ਪਛਾਣ ਕੀਤੀ ਹੈ, ਜਿਸ ਦੀ ਵਰਤੋਂ ਬੀਮਾਰੀ ਦੇ ਲਈ ਮੈਡੀਕਲ ਟੀਚਿਆਂ (ਜੀਵਾਂ ਵਿਚ ਮੌਜੂਦ ਅਜਿਹੀ ਜਗ੍ਹਾ ਜਿਥੇ ਦਵਾਈ ਜਾਂ ਪਦਾਰਥ ਸਿੱਧੇ ਪਹੁੰਚਾਇਆ ਜਾ ਸਕੇ) ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। ਬ੍ਰਿਟੇਨ ਦੇ ਲੌਸਨ ਸਿਹਤ ਰਿਸਰਚ ਸੰਸਥਾ ਦੇ ਖੋਜ ਕਰਤਾਵਾਂ ਨੇ ਲੰਡਨ ਹੈਲਥ ਸਾਈਂਸੇਜ ਸੈਂਟਰ (ਐਲ.ਐਚ.ਐਸ.ਸੀ.) ਵਿਚ ਭਰਤੀ ਗੰਭੀਰ ਰੂਪ ਨਾਲ ਬੀਮਾਰ ਕੋਵਿਡ-19 ਮਰੀਜ਼ਾਂ ਦੇ ਬਲੱਡ ਸੈਂਪਲਾਂ ਦਾ ਮੁਲਾਂਕਣ ਕੀਤਾ। ਮੁਲਾਂਕਣ ਦੇ ਆਧਾਰ ਉਤੇ ਵਿਗਿਆਨੀਆਂ ਨੇ ਆਈ.ਸੀ.ਯੂ. ਵਿਚ ਭਰਤੀ ਕੋਵਿਡ-19 ਦੇ ਮਰੀਜ਼ਾਂ ਦੇ ਖ਼ੂਨ ਵਿਚ 6 ਚੋਟੀ ਦੇ ਅਣੂ ਪਾਏ ਜੋ ਮਰੀਜ਼ਾਂ ਨੂੰ ਉਨ੍ਹਾਂ ਲੋਕਾਂ ਤੋਂ ਵਖਰਾ ਕਰਦੇ ਹਨ, ਜਿਨ੍ਹਾਂ ਨੂੰ ਇਹ ਬੀਮਾਰੀ ਨਹੀਂ ਹੈ।

ਵਿਗਿਆਨੀਆਂ ਦੇ ਮੁਤਾਬਕ ਕੁੱਝ ਕੋਵਿਡ-19 ਮਰੀਜ਼ਾਂ ਦਾ ਇਮਿਊਨ ਸਿਸਟਮ ਵਾਇਰਸ ਦੇ ਵਿਰੁਧ ਜ਼ਿਆਦਾ ਪ੍ਰਤੀਕਿਰਿਆ ਦਿੰਦਾ ਹੈ ਅਤੇ 'ਸਾਈਟੋਕਿਨ ਤੂਫ਼ਾਨ' (ਇਕ ਗੰਭੀਰ ਇਮਿਊਨ ਪ੍ਰਤੀਕਿਰਿਆ, ਜਿਸ ਵਿਚ ਸਰੀਰ ਬਹੁਤ ਜਲਦੀ ਖ਼ੂਨ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਸਾਈਟੋਕਿਨ ਛਡਦਾ ਹੈ) ਪੈਦਾ ਹੁੰਦਾ ਹੈ, ਜਿਸ ਵਿਚ ਸਰੀਰ ਦੀ ਕੁਦਰਤੀ ਬਣਾਵਟ ਸਬੰਧੀ ਅਣੂ ਦਾ ਵਧਿਆ ਹੋਇਆ ਪੱਧਰ ਸਿਹਤ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਧਿਐਨ ਦੇ ਸਹਿ ਲੇਖਕ ਲੌਸਨ ਅਤੇ ਵੈਸਟਨਰ ਸ਼ੂਲਿਕ ਸਕੂਲ ਆਫ਼ ਮੈਡੀਸਨ ਐਂਡ ਡੇਂਟਿਸਟ੍ਰੀ ਦੇ ਡੋਗਲਸ ਫ਼੍ਰੇਜਰ ਨੇ ਕਿਹਾ, ''ਡਾਕਟਰ ਇਸ ਜ਼ਿਆਦਾ ਸੋਜ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਸਬੂਤ ਦੇ ਬਿਨਾਂ ਕਿ ਕਿਸ ਨੂੰ ਨਿਸ਼ਾਨਾ ਬਣਾਉਣਾ ਹੈ।''

ਫ਼੍ਰੇਜਰ ਨੇ ਕਿਹਾ, ''ਸਾਡਾ ਅਧਿਐਨ ਪਹਿਲੀ ਵਾਰ ਸੰਭਾਵਿਤ ਮੈਡੀਕਲ ਟੀਚਿਆਂ ਦੀ ਪਛਾਣ ਕਰ ਕੇ ਅਨੁਮਾਨ ਲਗਾਉਣ ਦਾ ਕੰਮ ਬੰਦ ਕਰਦਾ ਹੈ।'' ਇਸ ਅਧਿਐਨ ਵਿਚ ਵਿਗਿਆਨੀਆਂ ਨੇ 30 ਮਰੀਜ਼ਾਂ ਦਾ ਮੁਲਾਂਕਣ ਕੀਤਾ, ਜਿਸ ਵਿਚ 10 ਕੋਵਿਡ-19 ਮਰੀਜ਼, 10 ਹੋਰ ਇਨਫ਼ੈਕਸ਼ਨ ਦੇ ਮਰੀਜ਼ ਅਤੇ 10 ਸਿਹਤਮੰਗ ਭਾਗੀਦਾਰ ਸ਼ਾਮਲ ਸਨ। ਖ਼ੂਨ ਦੇ ਨਮੂਨਿਆਂ ਦੀ ਜਾਂਚ ਵਿਚ ਉਨ੍ਹਾਂ ਨੇ ਪਾਇਆ ਕਿ ਆਈ.ਸੀ.ਯੂ. ਵਿਚ ਭਰਤੀ ਕੋਵਿਡ-19 ਦੇ ਮਰੀਜ਼ਾਂ ਵਿਚ 6 ਉਤੇਜਕ ਅਣੂ ਅਜਿਹੇ ਸਨ, ਜਿਨ੍ਹਾਂ ਦਾ ਪੱਧਰ ਵਿਸ਼ੇਸ਼ ਢੰਗ ਨਾਲ ਵਧਿਆ ਹੋਇਆ ਸੀ। ਇਹ ਅਧਿਐਨ 'ਕ੍ਰਿਟੀਕਲ ਕੇਅਰ ਐਕਸਪਲੋਰੇਸ਼ਨ' ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ।   (ਪੀਟੀਆਈ)