ਕਰੋਨਾ ਤੋਂ ਰਾਹਤ: 19 ਦਿਨਾਂ 'ਚ ਦੁੱਗਣੇ ਹੋ ਰਹੇ ਨੇ ਕੇਸ, ਰਿਕਵਰੀ ਰੇਟ ਵੀ 58 ਫ਼ੀ ਸਦੀ ਤੋਂ ਵਧਿਆ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਦੇਸ਼ ਅੰਦਰ ਮੌਤ ਦੀ ਦਰ 3 ਫ਼ੀ ਸਦੀ ਦੇ ਨੇੜੇ ਜੋ ਬਹੁਤ ਘੱਟ ਹੈ

Dr. Harsh Vardhan

ਨਵੀਂ ਦਿੱਲੀ : ਦੇਸ਼ ਅੰਦਰ ਵਧਦਾ ਕਰੋਨਾ ਮੀਟਰ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਲੰਮੇ ਲੌਕਡਾਊਨ ਤੋਂ ਬਾਅਦ ਜ਼ਿੰਦਗੀ ਨੂੰ ਮੁੜ ਲੀਂਹਾਂ 'ਤੇ ਆਉਣ ਲਈ ਜਿੱਥੇ ਸੰਘਰਸ਼ ਕਰਨਾ ਪੈ ਰਿਹਾ ਹੈ, ਉਥੇ ਮਰੀਜ਼ਾਂ ਦੀ ਵਧਦੀ ਗਿਣਤੀ ਜ਼ਿੰਦਗੀ ਦੇ ਮੁੜ ਥੰਮਣ ਦਾ ਡਰ ਵੀ ਪੈਦਾ ਕਰ ਰਹੀ ਹੈ। ਦੇਸ਼ ਅੰਦਰ ਕਰੋਨਾ ਮਰੀਜ਼ਾਂ ਦਾ ਅੰਕੜਾ ਪੰਜ ਲੱਖ ਨੂੰ ਮਾਰ ਕਰ ਗਿਆ ਹੈ, ਪਰ ਇਸੇ ਦੌਰਾਨ ਇਕ ਰਾਹਤ ਭਰੀ ਖ਼ਬਰ ਵੀ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਕਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤਿੰਨ ਲੱਖ ਨੇੜੇ ਢੁਕਣ ਵਾਲੀ ਹੈ।

ਇਹ ਤੱਥ ਸਨਿੱਚਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਾਹਮਣੇ ਆਏ ਹਨ। ਮੀਟਿੰਗ 'ਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਅੰਦਰ ਕਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ 58 ਫ਼ੀਸਦੀ ਤੋਂ ਵਧੇਰੇ ਹੋ ਚੁੱਕੀ ਹੈ। ਇਸੇ ਦੌਰਾਨ ਤਕਰੀਬਨ 3 ਲਖ ਲੋਕ ਕਰੋਨਾ ਨੂੰ ਮਾਤ ਦੇਣ 'ਚ ਸਫ਼ਲ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸਾਡੀ ਮੌਤ ਦਰ 3 ਫ਼ੀਸਦੀ ਦੇ ਕਰੀਬ ਹੈ ਜੋ ਬਹੁਤ ਘੱਟ ਹੈ। ਇਸੇ ਤਰ੍ਹਾਂ ਭਾਰਤ ਵਿਚ ਕੋਰੋਨਾ ਦੇ ਕੇਸਾਂ ਦੇ ਦੁੱਗਣਾ ਹੋਣ ਦੀ ਰਫ਼ਤਾਰ ਵੀ ਘੱਟ ਕੇ ਹੁਣ ਤਕਰੀਬਨ 19 ਦਿਨ ਹੋ ਚੁੱਕੀ ਹੈ । ਲੌਕਡਾਊਨ ਦੌਰਾਨ ਦੇਸ਼ ਅੰਦਰ ਦੁੱਗਣੇ ਕੇਸ ਹੋਣ ਦੀ ਦਰ 3 ਦਿਨ ਸੀ। ਡਾ. ਹਰਸ਼ਵਰਧਨ ਮੁਤਾਬਕ  80 ਫ਼ੀਸਦੀ ਤੋਂ ਵਧੇਰੇ ਮਾਮਲੇ 8 ਰਾਜਾਂ ਵਿਚ ਹੀ ਸਾਹਮਣੇ ਆਏ ਹਨ। ਮੌਤ ਦਰ ਵੀ ਇਨ੍ਹਾਂ ਰਾਜਾਂ ਵਿਚ ਹੀ ਵਧੇਰੇ ਸੀ।

ਉਨ੍ਹਾਂ ਕਿਹਾ ਕਿ ਕਰੋਨਾ ਨਾਲ ਨਿਪਟਣ ਲਈ 13 ਲੱਖ ਬੈਡਾਂ ਦੀ ਵਿਵਸਥਾ ਕੀਤੀ ਹੈ ਜਿਸਨੂੰ ਅੱਗੇ ਆਉਣ ਵਾਲੇ ਦਿਨਾਂ ਅੰਦਰ ਹੋਰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਲੈਬ ਤੋਂ ਕੰਮ ਸ਼ੁਰੂ ਹੋਇਆ ਸੀ ਜਿਸ ਦਾ ਅੰਕੜਾ ਹੁਣ ਤਕ ਇਕ ਹਜ਼ਾਰ 26 ਲੈਬਾਂ ਤਕ ਪਹੁੰਚ ਚੁੱਕਾ ਹੈ। ਹੁਣ ਰੋਜ਼ਾਨਾ 2 ਲੱਖ ਤੋਂ ਵਧੇਰੇ ਸੈਂਪਲਾਂ ਦੇ ਟੈਸਟ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਵੱਖ ਵੱਖ ਮਾਮਲਿਆਂ 'ਚ 1 ਲੱਖ 30 ਹਜ਼ਾਰ ਤੋਂ ਵਧੇਰੇ ਸ਼ਿਕਾਇਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚੋਂ 80 ਫ਼ੀਸਦੀ ਮਾਮਲਿਆਂ ਦਾ ਨਿਪਟਾਰਾ ਕਰ ਦਿਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਦਿਸ਼ਾ ਨਿਰਦੇਸ਼ਾਂ ਦਾ ਸਹੀ ਤਰ੍ਹਾਂ ਪਾਲਣ ਕਰਨ ਦੀ ਅਪੀਲ ਕੀਤੀ ਤਾਂ ਜੋ ਕਰੋਨਾ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।