ਪ੍ਰਧਾਨ ਮੰਤਰੀ ਜੀ ਕਹੋ ਕਿ ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕੀਤਾ, ਪੂਰਾ ਦੇਸ਼ ਤੁਹਾਡੇ ਨਾਲ ਹੈ: ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਮੋਦੀ ਜੀ ਤੁਹਾਨੂੰ ਸੱਚ ਦਸਣਾ ਹੀ ਪਵੇਗਾ

rahul gandhi

ਨਵੀਂ ਦਿੱਲੀ, 26 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ਼ 'ਚ ਚੀਨੀ ਫ਼ੌਜੀਆਂ ਦੀ ਘੁਸਪੈਠ ਨੂੰ ਲੈ ਕੇ ਸ਼ੁਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਸੱਚ ਬੋਲਣ ਅਤੇ ਅਪਣੀ ਜ਼ਮੀਨ ਵਾਪਸ ਲੈਣ ਲਈ ਕਾਰਵਾਈ ਕਰਨ ਤਾਂ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜਾ ਹੋਵੇਗਾ।  ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਕਹਿਣਗੇ ਕਿ ਸਾਡੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਗਿਆ ਅਤੇ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਹੋਵੇਗਾ, ਤਾਂ ਇਸ ਨਾਲ ਚੀਨ ਨੂੰ ਫ਼ਾਇਦਾ ਹੋਵੇਗਾ।

ਗਾਂਧੀ ਨੇ ਗਲਵਾਨ ਘਾਟੀ 'ਚ ਸ਼ਹੀਦ ਹੋਏ 20 ਫ਼ੌਜੀਆਂ ਦੇ ਸਨਮਾਨ 'ਚ ਕਾਂਗਰਸ ਵਲੋਂ 'ਸ਼ਹੀਦਾਂ ਨੂੰ ਸਲਾਮ ਦਿਵਸ' ਮਨਾਏ ਜਾਣ ਦੇ ਮੌਕੇ 'ਤੇ ਇਕ ਵੀਡੀਉ ਸੰਦੇਸ਼ 'ਚ ਕਿਹਾ, ''ਹਿੰਦੁਸਤਾਨ ਦੇ ਬਹਾਦਰ ਸ਼ਹੀਦਾਂ ਨੂੰ ਮੇਰਾ ਨਮਨ। ਪੂਰਾ ਦੇਸ਼ ਇਕਜੁਟ ਹੋ ਕੇ ਫ਼ੌਜ ਅਤੇ ਸਰਕਾਰ ਨਾਲ ਖੜਾ ਹੈ।'' ਉਨ੍ਹਾਂ ਕਿਹਾ ਕਿ ਇਕ ਜ਼ਰੂਰੀ ਸਵਾਲ ਪੈਦਾ ਹੁੰਦਾ ਹੈ। ਕੁੱਝ ਦਿਨ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਦੀ ਇਕ ਇੰਚ ਜ਼ਮੀਨ ਕਿਸੇ ਨੇ ਨਹੀਂ ਲਈ, ਕੋਈ ਹਿੰਦੁਸਤਾਨ ਦੇ ਅੰਦਰ ਦਾਖ਼ਲ ਨਹੀਂ ਹੋਇਆ।

ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਪਤਾ ਚੱਲ ਰਿਹਾ ਹੈ, ਲੱਦਾਖ਼ ਦੇ ਲੋਕ ਕਹਿ ਰਹੇ ਹਨ ਅਤੇ  ਸੇਵਾਮੁਕਤ ਫ਼ੌਜੀ ਅਧਿਕਾਰੀ ਕਹਿ ਰਹੇ ਹਨ ਕਿ ਚੀਨ ਨੇ ਤਿੰਨ ਜਗ੍ਹਾ 'ਤੇ ਕਬਜ਼ਾ ਕਰ ਲਿਆ ਹੈ।'' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ, ਤੁਹਾਨੂੰ ਸੱਚ ਬੋਲਣਾ ਹੀ ਪਏਗਾ, ਦੇਸ਼ ਨੂੰ ਦਸਣਾ ਪਏਗਾ। ਘਬਰਾਉਣ ਦੀ ਲੋੜ ਨਹੀਂ ਹੈ।  (ਪੀਟੀਆਈ)  

ਸ਼ਰਧਾਂਜਲੀ ਸਮਾਗਮ ਦੌਰਾਨ ਦਿੱਲੀ ਕਾਂਗਰਸ ਪ੍ਰਧਾਨ ਗ੍ਰਿਫ਼ਤਾਰ
ਨਵੀਂ ਦਿੱਲੀ, 26 ਜੂਨ : ਚੀਨੀ ਫ਼ੌਜੀਆਂ ਨਾਲ ਹੋਈ ਹਿੰਸਕ ਝੜਪ 'ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਬਿਨਾ ਇਜਾਜ਼ਤ ਸ਼ੁਕਰਵਾਰ ਨੂੰ ਇੰਡੀਆ ਗੇਟ ਕੋਲ ਇਕੱਠੇ ਹੋਏ ਦਿੱਲੀ ਕਾਂਗਰਸ ਪ੍ਰਧਾਨ ਅਨਿਲ ਕੁਮਾਰ ਅਤੇ ਪਾਰਟੀ ਦੇ ਵਰਕਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਨੇਸ਼ਨਲ ਸਟੇਡੀਅਮ ਕੋਲ ਕੁੱਝ ਲੋਕ ਬਿਨਾ ਆਗਿਆ ਇੱਕਠੇ ਹੋਏ ਸਨ। ਉਨ੍ਹਾਂ ਕਿਹਾ, ''ਕੇਂਦਰ ਅਤੇ ਦਿੱਲੀ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਨੂੰ ਤੁਰਤ ਉਥੋਂ ਜਾਣ ਲਈ ਕਿਹਾ ਗਿਆ। ਜਦੋਂ ਉਨ੍ਹਾਂ ਨੇ ਜਾਣ ਤੋਂ ਨਾਂਹ ਕੀਤੀ ਤਾਂ ਉਨ੍ਹਾਂ ਨੂੰ ਹਿਰਾਸਤ ਵਿਚ ਲੈਣਾ ਪਿਆ। (ਪੀਟੀਆਈ)