Kerala News: ਟਰੇਨ ਦੀ ਉਪਰਲੀ ਬਰਥ ਡਿੱਗਣ ਕਾਰਨ ਯਾਤਰੀ ਦੀ ਮੌਤ, 3 ਥਾਵਾਂ ਤੋਂ ਟੁੱਟੀ ਗਰਦਨ
ਰੇਲ ਮੰਤਰਾਲੇ ਨੇ ਦੱਸਿਆ ਕਿ ਜ਼ਖਮੀ ਯਾਤਰੀ ਦੀ ਸੂਚਨਾ ਮਿਲਦੇ ਹੀ ਰੇਲਗੱਡੀ ਨੂੰ ਤੇਲੰਗਾਨਾ ਦੇ ਰਾਮਗੁੰਡਮ ਸਟੇਸ਼ਨ 'ਤੇ ਰੋਕ ਦਿੱਤਾ ਗਿਆ
ਰੇਲਵੇ ਮੰਤਰਾਲੇ ਨੇ ਜਾਰੀ ਕੀਤਾ ਬਿਆਨ
ਕੇਰਲ - ਕੇਰਲ ਦੇ ਇੱਕ ਯਾਤਰੀ ਦੀ ਕਥਿਤ ਤੌਰ 'ਤੇ ਉਪਰਲੀ ਬਰਥ ਡਿੱਗਣ ਨਾਲ ਮੌਤ ਹੋ ਗਈ। ਉਹ ਹੇਠਲੀ ਬਰਥ ਵਾਲੀ ਸੀਟ 'ਤੇ ਬੈਠਾ ਸੀ। ਰੇਲ ਮੰਤਰਾਲੇ ਨੇ ਵੀ ਇਸ ਘਟਨਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਬਰਥ ਠੀਕ ਤਰ੍ਹਾਂ ਫਿੱਟ ਨਹੀਂ ਕੀਤੀ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਘਟਨਾ ਕੇਰਲ ਦੇ ਏਰਨਾਕੁਲਮ ਅਤੇ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ਦੇ ਵਿਚਕਾਰ ਚੱਲ ਰਹੀ ਮਿਲੇਨੀਅਮ ਐਕਸਪ੍ਰੈਸ (ਨੰਬਰ 12645) ਵਿੱਚ ਵਾਪਰੀ। ਟਰੇਨ 15 ਜੂਨ ਨੂੰ ਏਰਨਾਕੁਲਮ ਤੋਂ ਰਵਾਨਾ ਹੋਈ ਅਤੇ 17 ਜੂਨ ਨੂੰ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਪਹੁੰਚੀ। ਦੱਸਿਆ ਗਿਆ ਹੈ ਕਿ ਜਦੋਂ ਰੇਲਗੱਡੀ ਤੇਲੰਗਾਨਾ ਤੋਂ ਲੰਘ ਰਹੀ ਸੀ ਤਾਂ S6 ਕੋਚ ਦੀ ਉਪਰਲੀ ਬਰਥ ਹੇਠਾਂ ਡਿੱਗ ਗਈ। ਇਸ ਕਾਰਨ ਹੇਠਲੀ ਬਰਥ 'ਤੇ ਬੈਠਾ ਵਿਅਕਤੀ ਜ਼ਖਮੀ ਹੋ ਗਿਆ।
ਇਸ ਤੋਂ ਬਾਅਦ ਟਰੇਨ ਨੂੰ ਰੋਕ ਦਿੱਤਾ ਗਿਆ ਅਤੇ ਯਾਤਰੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਓਨਮਨੋਰਮਾ ਨਿਊਜ਼ ਪੋਰਟਲ ਦੀ ਰਿਪੋਰਟ ਮੁਤਾਬਕ ਯਾਤਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਹੁਣ ਇਸ ਹਾਦਸੇ 'ਤੇ ਰੇਲਵੇ ਮੰਤਰਾਲੇ ਨੇ ਸਫ਼ਾਈ ਦਿੱਤੀ ਹੈ। ਉਨ੍ਹਾਂ ਦੇ ਪੱਖ ਤੋਂ ਕਿਹਾ ਗਿਆ ਹੈ ਕਿ ਉਸ ਬਰਥ ਵਿਚ ਕੋਈ ਨੁਕਸ ਨਹੀਂ ਸੀ ਪਰ ਚੇਨ ਠੀਕ ਤਰ੍ਹਾਂ ਨਾ ਲੱਗਣ ਕਾਰਨ ਸੀਟ ਹੇਠਾਂ ਡਿੱਗ ਗਈ।
ਉਪਰਲੀ ਬਰਥ ਡਿੱਗਣ ਤੋਂ ਬਾਅਦ ਯਾਤਰੀ ਨੂੰ ਤੇਲੰਗਾਨਾ ਦੇ ਵਾਰੰਗਲ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਰਿਪੋਰਟ ਮੁਤਾਬਕ ਯਾਤਰੀ ਦੀ ਗਰਦਨ ਦੀਆਂ ਤਿੰਨ ਹੱਡੀਆਂ ਟੁੱਟ ਗਈਆਂ ਸਨ ਅਤੇ ਉਸ ਨੂੰ ਅਧਰੰਗ ਹੋ ਗਿਆ ਸੀ। ਉਸ ਦੀਆਂ ਤਿੰਨ ਐਮਰਜੈਂਸੀ ਸਰਜਰੀਆਂ ਕੀਤੀਆਂ ਗਈਆਂ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਰੇਲ ਮੰਤਰਾਲੇ ਨੇ ਦੱਸਿਆ ਕਿ ਜ਼ਖਮੀ ਯਾਤਰੀ ਦੀ ਸੂਚਨਾ ਮਿਲਦੇ ਹੀ ਰੇਲਗੱਡੀ ਨੂੰ ਤੇਲੰਗਾਨਾ ਦੇ ਰਾਮਗੁੰਡਮ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਇੱਕ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਅਤੇ ਯਾਤਰੀ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।