Israel-Iran War: ਈਰਾਨ ਤੇ ਇਜ਼ਰਾਈਲ ਤੋਂ ਹੁਣ ਤੱਕ 4,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਕੱਢਿਆ ਗਿਆ: ਵਿਦੇਸ਼ ਮੰਤਰਾਲਾ
ਭਾਰਤ ਨੇ 24 ਜੂਨ ਨੂੰ ਕਿਹਾ ਸੀ ਕਿ ਉਹ ਸਮੁੱਚੀ ਸਥਿਤੀ ਬਾਰੇ "ਬਹੁਤ ਚਿੰਤਤ" ਹੈ
Israel-Iran War: ਭਾਰਤ ਨੇ ਈਰਾਨ-ਇਜ਼ਰਾਈਲ ਟਕਰਾਅ ਦੌਰਾਨ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 18 ਜੂਨ ਨੂੰ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਸਿੰਧੂ' ਤਹਿਤ 19 ਵਿਸ਼ੇਸ਼ ਉਡਾਣਾਂ ਰਾਹੀਂ ਹੁਣ ਤੱਕ 4,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਕੱਢਿਆ ਹੈ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਮੰਤਰਾਲੇ ਨੇ 'X' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਈਰਾਨ ਤੋਂ ਕੱਢੇ ਗਏ 173 ਭਾਰਤੀਆਂ ਦਾ ਇੱਕ ਨਵਾਂ ਜੱਥਾ ਵੀਰਵਾਰ ਦੇਰ ਰਾਤ ਅਰਮੇਨੀਆ ਦੀ ਰਾਜਧਾਨੀ ਯੇਰੇਵਨ ਤੋਂ ਇੱਕ ਉਡਾਣ ਰਾਹੀਂ ਦਿੱਲੀ ਪਹੁੰਚਿਆ।
ਵੀਰਵਾਰ ਨੂੰ ਆਪਣੀ ਹਫ਼ਤਾਵਾਰੀ ਪ੍ਰੈੱਸ ਬ੍ਰੀਫਿੰਗ ਵਿੱਚ 'ਆਪ੍ਰੇਸ਼ਨ ਸਿੰਧੂ' ਬਾਰੇ ਸਵਾਲਾਂ ਦੇ ਜਵਾਬ ਵਿੱਚ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਨਵੀਂ ਦਿੱਲੀ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰ ਰਹੀ ਹੈ ਅਤੇ ਇਸ ਦੇ ਆਧਾਰ 'ਤੇ ਫ਼ੈਸਲਾ ਲਿਆ ਜਾਵੇਗਾ ਕਿ ਕਾਰਵਾਈ ਜਾਰੀ ਰੱਖਣੀ ਹੈ ਜਾਂ ਨਹੀਂ।
ਪ੍ਰੈੱਸ ਬ੍ਰੀਫਿੰਗ ਦੌਰਾਨ ਉਨ੍ਹਾਂ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਆਪ੍ਰੇਸ਼ਨ ਸਿੰਧੂ ਦੀ ਸ਼ੁਰੂਆਤ ਤੋਂ ਬਾਅਦ 14 ਉਡਾਣਾਂ ਵਿੱਚ 3,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਕੱਢਿਆ ਗਿਆ ਹੈ।
ਜੈਸਵਾਲ ਨੇ ਬਾਅਦ ਵਿੱਚ ਯੇਰੇਵਨ ਤੋਂ ਜਹਾਜ਼ ਦੇ ਆਉਣ ਤੋਂ ਬਾਅਦ 'X' 'ਤੇ ਇੱਕ ਪੋਸਟ ਵਿੱਚ ਹੁਣ ਤੱਕ ਇਨ੍ਹਾਂ ਦੇਸ਼ਾਂ ਤੋਂ ਕੱਢੇ ਗਏ ਲੋਕਾਂ ਦੀ ਅਪਡੇਟ ਕੀਤੀ ਗਿਣਤੀ ਸਾਂਝੀ ਕੀਤੀ।
ਉਨ੍ਹਾਂ ਕਿਹਾ, "ਯੇਰੇਵਨ, ਅਰਮੀਨੀਆ ਤੋਂ ਇੱਕ ਵਿਸ਼ੇਸ਼ ਉਡਾਣ 26 ਜੂਨ ਨੂੰ ਰਾਤ 10:30 ਵਜੇ ਨਵੀਂ ਦਿੱਲੀ ਪਹੁੰਚੀ, ਜਿਸ ਵਿੱਚ ਈਰਾਨ ਤੋਂ 173 ਭਾਰਤੀ ਨਾਗਰਿਕ ਸ਼ਾਮਲ ਸਨ।"
ਉਨ੍ਹਾਂ ਕਿਹਾ, "ਆਪ੍ਰੇਸ਼ਨ ਸਿੰਧੂ ਦੇ ਤਹਿਤ, ਹੁਣ ਤੱਕ ਕੁੱਲ 4,415 ਭਾਰਤੀ ਨਾਗਰਿਕਾਂ (ਇਰਾਨ ਤੋਂ 3,597 ਅਤੇ ਇਜ਼ਰਾਈਲ ਤੋਂ 818) ਨੂੰ 19 ਵਿਸ਼ੇਸ਼ ਨਿਕਾਸੀ ਉਡਾਣਾਂ ਰਾਹੀਂ ਕੱਢਿਆ ਗਿਆ ਹੈ, ਜਿਨ੍ਹਾਂ ਵਿੱਚ ਤਿੰਨ ਭਾਰਤੀ ਹਵਾਈ ਸੈਨਾ ਦੇ ਜਹਾਜ਼ ਸ਼ਾਮਲ ਹਨ। 14 ਓਸੀਆਈ (ਭਾਰਤ ਦੇ ਓਵਰਸੀਜ਼ ਸਿਟੀਜ਼ਨ) ਕਾਰਡ ਧਾਰਕ, ਨੌਂ ਨੇਪਾਲੀ ਨਾਗਰਿਕ, ਚਾਰ ਸ੍ਰੀਲੰਕਾ ਦੇ ਨਾਗਰਿਕ ਅਤੇ ਇੱਕ ਭਾਰਤੀ ਨਾਗਰਿਕ ਦੇ ਈਰਾਨੀ ਜੀਵਨ ਸਾਥੀ ਨੂੰ ਵੀ ਈਰਾਨ ਤੋਂ ਕੱਢਿਆ ਗਿਆ।"
ਭਾਰਤ ਨੇ 24 ਜੂਨ ਨੂੰ ਕਿਹਾ ਸੀ ਕਿ ਉਹ ਸਮੁੱਚੀ ਸਥਿਤੀ ਬਾਰੇ "ਬਹੁਤ ਚਿੰਤਤ" ਹੈ ਪਰ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦੀਆਂ ਰਿਪੋਰਟਾਂ ਦਾ ਸਵਾਗਤ ਕਰਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦਾ ਦਾਅਵਾ ਕਰਨ ਤੋਂ ਕੁਝ ਘੰਟਿਆਂ ਬਾਅਦ, ਭਾਰਤ ਨੇ ਕਿਹਾ ਸੀ ਕਿ ਉਹ ਸਥਿਤੀ ਨੂੰ ਹੱਲ ਕਰਨ ਲਈ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਭਾਰਤ ਨੇ ਅੱਗੇ ਵਧਣ ਲਈ 'ਸੰਵਾਦ ਅਤੇ ਕੂਟਨੀਤੀ' ਦਾ ਰਸਤਾ ਅਪਣਾਉਣ 'ਤੇ ਜ਼ੋਰ ਦਿੱਤਾ।
ਜੈਸਵਾਲ ਤੋਂ ਵੀਰਵਾਰ ਨੂੰ ਪੁੱਛਿਆ ਗਿਆ ਸੀ ਕਿ ਕੀ ਭਾਰਤ ਈਰਾਨ-ਇਜ਼ਰਾਈਲ ਜੰਗਬੰਦੀ ਤੋਂ ਬਾਅਦ 'ਆਪ੍ਰੇਸ਼ਨ ਸਿੰਧੂ' ਜਾਰੀ ਰੱਖੇਗਾ ਅਤੇ ਹੁਣ ਤੱਕ ਦੋਵਾਂ ਦੇਸ਼ਾਂ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਕੁੱਲ ਗਿਣਤੀ ਕਿੰਨੀ ਹੈ?
ਬੁਲਾਰੇ ਨੇ ਕਿਹਾ, "ਅਸੀਂ 18 ਜੂਨ ਨੂੰ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਸੀ। ਈਰਾਨ ਵਿੱਚ ਭਾਰਤੀ ਭਾਈਚਾਰੇ ਦੇ ਲਗਭਗ 10,000 ਲੋਕ ਅਤੇ ਇਜ਼ਰਾਈਲ ਵਿੱਚ ਲਗਭਗ 40,000 ਭਾਰਤੀ ਨਾਗਰਿਕ ਹਨ।"
ਉਨ੍ਹਾਂ ਕਿਹਾ ਕਿ ਇੱਕ ਈਰਾਨੀ ਔਰਤ, ਜੋ ਕਿ ਇੱਕ ਭਾਰਤੀ ਨਾਗਰਿਕ ਦੀ ਪਤਨੀ ਹੈ, ਨੂੰ ਵੀ ਕੱਢਿਆ ਗਿਆ ਹੈ।