Maharashtra News: ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ, ‘ਸਾਡੇ ਕਰ ਕੇ ਤੁਹਾਡੇ ਕੋਲ ਕੱਪੜੇ ਤੇ ਜੁੱਤੀਆਂ ਹਨ’
ਉਨ੍ਹਾਂ ਕਿਹਾ,‘‘ਅਸੀਂ ਤੁਹਾਡੇ ਪਿੰਡ ਵਿਚ ਪਾਣੀ ਦੀਆਂ ਟੈਂਕੀਆਂ, ਕੰਕਰੀਟ ਦੀਆਂ ਸੜਕਾਂ, ਸਮਾਗਮ ਸਥਾਨ ਬਣਾਏ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਦਿਤਾ।’’
Maharashtra News: ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਬਾਬਨਰਾਓ ਲੋਨੀਕਰ ਨੇ ਇਕ ਮੀਟਿੰਗ ਵਿਚ ਵਿਵਾਦਪੂਰਨ ਟਿੱਪਣੀ ਕਰਦਿਆਂ ਕਿਹਾ ਕਿ ਜੋ ਲੋਕ ਉਨ੍ਹਾਂ ਦੀ ਪਾਰਟੀ ਅਤੇ ਸਰਕਾਰ ਦੀ ਆਲੋਚਨਾ ਕਰਦੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ‘ਸਾਡੇ ਕਰ ਕੇ ਕਪੜੇ, ਜੁੱਤੀਆਂ, ਮੋਬਾਈਲ ਸਕੀਮਾਂ ਅਤੇ ਬੀਜਣ ਲਈ ਪੈਸੇ ਦੇ ਵਿੱਤੀ ਲਾਭ ਮਿਲ ਰਹੇ ਹਨ।’’
ਮੱਧ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੇ ਅਪਣੇ ਵਿਧਾਨ ਸਭਾ ਹਲਕੇ ਪਰਤੂਰ ਵਿਚ ਹਰ ਘਰ ਸੋਲਰ ਯੋਜਨਾ ਨਾਲ ਸਬੰਧਤ ਇਕ ਸਮਾਗਮ ਵਿਚ, ਸਾਬਕਾ ਰਾਜ ਮੰਤਰੀ ਲੋਨੀਕਰ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਅਪਣੀ ਪਾਰਟੀ ਦੇ ਆਲੋਚਕਾਂ ’ਤੇ ਨਿਸ਼ਾਨਾ ਸਾਧਿਆ।
ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਲੋਨੀਕਰ ਦੀਆਂ ਵਿਵਾਦਪੂਰਨ ਟਿੱਪਣੀਆਂ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਵਿਰੋਧੀ ਧਿਰ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ।
ਉਨ੍ਹਾਂ ਲੋਕਾਂ ਨੂੰ ਕਿਹਾ,‘‘ਕੁਝ ਲੋਕ ਅਤੇ ਖ਼ਾਸ ਕਰਕੇ ਨੌਜਵਾਨ ਸੋਸ਼ਲ ਮੀਡੀਆ ’ਤੇ ਸਾਡੀ ਅਤੇ ਸਾਡੀ ਪਾਰਟੀ ਦੀ ਆਲੋਚਨਾ ਕਰਦੇ ਹਨ। ਅਸੀਂ ਤੁਹਾਡੇ ਪਿੰਡ ਵਿਚ ਪਾਣੀ ਦੀਆਂ ਟੈਂਕੀਆਂ, ਕੰਕਰੀਟ ਦੀਆਂ ਸੜਕਾਂ, ਸਮਾਗਮ ਸਥਾਨ ਬਣਾਏ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਦਿਤਾ।’’
ਵੀਡੀਓ ਵਿਚ ਵਿਧਾਇਕ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ,‘‘ਬਾਬਨਰਾਓ ਲੋਨੀਕਰ ਨੇ ਸਾਡੀ ਆਲੋਚਨਾ ਕਰਨ ਵਾਲਿਆਂ ਦੀਆਂ ਮਾਵਾਂ ਨੂੰ ਤਨਖਾਹ ਦਿਤੀ ਅਤੇ ਉਨ੍ਹਾਂ ਦੇ ਬਾਪੂਆਂ ਲਈ ਪੈਨਸ਼ਨ ਵੀ ਮਨਜ਼ੂਰ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਹਾਡੇ ਪਿਤਾ ਨੂੰ ਬੀਜਾਈ ਲਈ 6,000 ਰੁਪਏ ਦਿਤੇ। ਤੁਹਾਡੀ ਭੈਣ ਲਾਡਲੀ ਭੈਣ ਯੋਜਨਾ ਦਾ ਲਾਭ ਉਠਾ ਰਹੀ ਹੈ। ਤੁਹਾਡੇ (ਭਾਜਪਾ ਆਲੋਚਕਾਂ) ਕੋਲ ਜੋ ਕਪੜੇ, ਜੁੱਤੇ, ਮੋਬਾਈਲ ਫੋਨ ਹਨ ਉਹ ਸਭ ਸਾਡੇ ਕਾਰਨ ਹਨ।’’ ਸ਼ਿਵ ਸੈਨਾ (ਉਬਾਥਾ) ਦੇ ਐਮਐਲਸੀ ਅਤੇ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਅੰਬਦਾਸ ਦਾਨਵੇ ਨੇ ਭਾਜਪਾ ਵਿਧਾਇਕ ’ਤੇ ਉਨ੍ਹਾਂ ਦੀਆਂ ਟਿੱਪਣੀਆਂ ਲਈ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਅੰਗਰੇਜ਼ਾਂ ਦਾ ਸਵਦੇਸ਼ੀ ਮਾਡਲ ਕਰਾਰ ਦਿਤਾ।
ਦਾਨਵੇ ਨੇ ‘ਐਕਸ’ ’ਤੇ ਲਿਖਿਆ,‘‘ਐਮਐਲਏ ਵਜੋਂ ਤੁਹਾਡਾ ਦਰਜਾ ਲੋਕਾਂ ਕਾਰਨ ਹੈ। ਤੁਹਾਡੇ ਕਪੜੇ, ਜੁੱਤੇ, ਹਵਾਈ ਟਿਕਟਾਂ, ਲੀਡਰਸ਼ਿਪ, ਇੱਥੋਂ ਤਕ ਕਿ (ਤੁਹਾਡੀ) ਕਾਰ ਵਿਚ ਡੀਜ਼ਲ ਵੀ ਲੋਕਾਂ ਕਾਰਨ ਹੈ। ਲੋਕਾਂ ਨੂੰ (ਲੋਨੀਕਰ ਦੇ) ਇਹ ਸ਼ਬਦ ਯਾਦ ਰੱਖਣੇ ਚਾਹੀਦੇ ਹਨ। (ਰਾਜ ਵਿਚ ਸਥਾਨਕ ਸੰਸਥਾਵਾਂ ਲਈ) ਚੋਣਾਂ ਆ ਰਹੀਆਂ ਹਨ।’’