Rajnath Singh: ਰਾਜਨਾਥ ਸਿੰਘ ਨੇ ਕੀਤੀ ਅਪਣੇ ਰੂਸੀ ਹਮਰੁਤਬਾ ਨਾਲ ਗੱਲਬਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਖੋਈ ਜਹਾਜ਼ਾਂ ਨੂੰ ਬਿਹਤਰ ਕਰਨ ਦਾ ਮੁੱਦਾ ਵੀ ਚੁਕਿਆ

Rajnath Singh held talks with his Russian counterpart

ਰੂਸ ਦੇ ਰੱਖਿਆ ਮੰਤਰੀ ਨੇ ਪਹਿਲਗਾਮ ਅਤਿਵਾਦੀ ਹਮਲੇ ਉਤੇ ਭਾਰਤ ਨਾਲ ਇਕਜੁੱਟਤਾ ਜ਼ਾਹਰ ਕੀਤੀ 

Rajnath Singh: ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਚੀਨ ਦੇ ਸ਼ਹਿਰ ਕਿੰਗਦਾਓ ’ਚ ਅਪਣੇ ਰੂਸ ਦੇ ਹਮਰੁਤਬਾ ਆਂਦਰੇ ਬੇਲੋਸੋਵ ਨਾਲ ਹੋਈ ਗੱਲਬਾਤ ਦਾ ਵੇਰਵਾ ਸਾਹਮਣੇ ਆਇਆ ਹੈ। ਗੱਲਬਾਤ ’ਚ ਭਾਰਤ ਦੇ ਸੁਖੋਈ-30 ਐਮ.ਕੇ.ਆਈ. ਲੜਾਕੂ ਬੇੜੇ ਨੂੰ ਬਿਹਤਰ ਕਰਨ, ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਉਤਪਾਦਨ ਅਤੇ ਐਸ-400 ਮਿਜ਼ਾਈਲ ਪ੍ਰਣਾਲੀਆਂ ਦੇ ਦੋ ਬੈਚਾਂ ਦੀ ਤੇਜ਼ੀ ਨਾਲ ਸਪਲਾਈ ਉਤੇ ਚਰਚਾ ਹੋਈ।

ਦੋਹਾਂ ਰੱਖਿਆ ਮੰਤਰੀਆਂ ਨੇ ਵੀਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸੰਮੇਲਨ ਤੋਂ ਇਲਾਵਾ ਦੁਵਲੀ ਬੈਠਕ ਕੀਤੀ। ਭਾਰਤੀ ਹਵਾਈ ਫ਼ੌਜ ਲਗਭਗ 260 ਸੁਖੋਈ 30-ਐਮ.ਕੇ.ਆਈ. ਜਹਾਜ਼ਾਂ ਦਾ ਸੰਚਾਲਨ ਕਰ ਰਹੀ ਹੈ ਅਤੇ ਉਹ ਇਕ ਅਭਿਲਾਸ਼ੀ ਯੋਜਨਾ ਦੇ ਤਹਿਤ ਬੇੜੇ ਨੂੰ ਹੋਰ ਬਿਹਤਰ ਕਰਨ ਉਤੇ ਵਿਚਾਰ ਕਰ ਰਹੀ ਹੈ। ਰੂਸੀ ਮੂਲ ਦੇ ਸੁਖੋਈ ਜਹਾਜ਼ਾਂ ਨੇ ਪਿਛਲੇ ਮਹੀਨੇ ਆਪਰੇਸ਼ਨ ਸੰਧੂਰ ’ਚ ਅਹਿਮ ਭੂਮਿਕਾ ਨਿਭਾਈ ਸੀ। 

ਰੱਖਿਆ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਰਾਜਨਾਥ ਸਿੰਘ ਅਤੇ ਬੇਲੋਸੋਵ ਨੇ ਮੌਜੂਦਾ ਭੂ-ਸਿਆਸੀ ਸਥਿਤੀਆਂ, ਸਰਹੱਦ ਪਾਰ ਅਤਿਵਾਦ ਅਤੇ ਭਾਰਤ-ਰੂਸ ਰੱਖਿਆ ਸਹਿਯੋਗ ਸਮੇਤ ਕਈ ਵਿਸ਼ਿਆਂ ਉਤੇ ਡੂੰਘਾਈ ਨਾਲ ਚਰਚਾ ਕੀਤੀ। ਰੂਸ ਦੇ ਰੱਖਿਆ ਮੰਤਰੀ ਨੇ ਲੰਮੇ ਸਮੇਂ ਤੋਂ ਚੱਲ ਰਹੇ ਭਾਰਤ-ਰੂਸ ਸਬੰਧਾਂ ਨੂੰ ਉਜਾਗਰ ਕੀਤਾ ਅਤੇ ਪਹਿਲਗਾਮ ਅਤਿਵਾਦੀ ਹਮਲੇ ਉਤੇ ਭਾਰਤ ਨਾਲ ਇਕਜੁੱਟਤਾ ਜ਼ਾਹਰ ਕੀਤੀ। 

ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਐੱਸ-400 ਪ੍ਰਣਾਲੀਆਂ ਦੀ ਸਪਲਾਈ, ਐੱਸ.ਯੂ.-30 ਐੱਮ.ਕੇ.ਆਈ. ਅਪਗਰੇਡ ਅਤੇ ਮਹੱਤਵਪੂਰਨ ਫੌਜੀ ਹਾਰਡਵੇਅਰ ਦੀ ਖਰੀਦ ਜਲਦੀ ਸਮੇਂ ’ਚ ਕੀਤੀ ਗਈ। 

ਬਿਆਨ ’ਚ ਕਿਹਾ ਗਿਆ ਹੈ ਕਿ ਆਪਰੇਸ਼ਨ ਸੰਧੂਰ ਦੇ ਪਿਛੋਕੜ ’ਚ ਅਤੇ ਇਸ ਦੇ ਨਤੀਜੇ ਵਜੋਂ ਰੱਖਿਆ ਉਤਪਾਦਨ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਹਾਲ ਹੀ ’ਚ ਹੋਈ ਸੱਭ ਤੋਂ ਮਹੱਤਵਪੂਰਨ ਬੈਠਕਾਂ ਵਿਚੋਂ ਇਕ ਸੀ, ਖਾਸ ਤੌਰ ਉਤੇ ਹਵਾਈ ਰੱਖਿਆ, ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਆਧੁਨਿਕ ਸਮਰੱਥਾ ਅਤੇ ਹਵਾਈ ਮੰਚਾਂ ਨੂੰ ਅਪਗ੍ਰੇਡ ਕਰਨ ਵਰਗੀਆਂ ਮਹੱਤਵਪੂਰਨ ਚੀਜ਼ਾਂ ‘ਚ। 

ਪਤਾ ਲੱਗਾ ਹੈ ਕਿ ਬੇਲੋਸੋਵ ਨਾਲ ਗੱਲਬਾਤ ਦੌਰਾਨ ਰਾਜਨਾਥ ਸਿੰਘ ਨੇ ਭਾਰਤ ਨੂੰ ਐਸ-400 ਟਰੀਅੰਫ ਮਿਜ਼ਾਈਲ ਪ੍ਰਣਾਲੀਆਂ ਦੀਆਂ ਬਾਕੀ ਦੋ ਯੂਨਿਟਾਂ ਦੀ ਸਪਲਾਈ ’ਚ ਤੇਜ਼ੀ ਲਿਆਉਣ ਉਤੇ ਜ਼ੋਰ ਦਿਤਾ। ਰੂਸ ਪਹਿਲਾਂ ਹੀ 5.5 ਅਰਬ ਡਾਲਰ ਦੇ ਸੌਦੇ ਤਹਿਤ ਭਾਰਤ ਨੂੰ ਲੰਬੀ ਦੂਰੀ ਦੀ ਮਿਜ਼ਾਈਲ ਪ੍ਰਣਾਲੀ ਦੀਆਂ ਤਿੰਨ ਇਕਾਈਆਂ ਦੀ ਸਪਲਾਈ ਕਰ ਚੁੱਕਾ ਹੈ।