ਅੱਜ ਦੇਸ਼ ਭਰ ਵਿਚ ਰਾਜ ਭਵਨਾਂ ਅੱਗੇ 'ਗਾਂਧੀਵਾਦੀ ਧਰਨੇ' ਦੇਣਗੇ ਕਾਂਗਰਸੀ ਵਰਕਰ
ਕਾਂਗਰਸ ਨੇ 'ਜਮਹੂਰੀਅਤ ਲਈ ਆਵਾਜ਼ ਚੁੱਕੋ' ਮੁਹਿੰਮ ਸ਼ੁਰੂ ਕੀਤੀ
ਨਵੀਂ ਦਿੱਲੀ, 26 ਜੁਲਾਈ : ਕਾਂਗਰਸ ਦੇ ਸੀਨੀਅਰ ਆਗੂ ਅਜੇ ਮਾਕਨ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉÎਂਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ, ਆਰਥਕ ਸੰਕਟ ਅਤੇ ਚੀਨ ਨਾਲ ਲੜਨ ਦੀ ਬਜਾਏ ਕਾਂਗਰਸ ਦੀਆਂ ਸਰਕਾਰਾਂ ਡੇਗਣ ਦੀ ਸਾਜ਼ਸ਼ ਰਚਣ ਵਿਚ ਲੱਗੇ ਹੋਏ ਹਨ। ਮਾਕਨ ਨੇ ਕਿਹਾ ਕਿ ਸਚਾਈ ਇਹ ਹੈ ਕਿ ਮੋਦੀ ਸਰਕਾਰ ਅਤੇ ਭਾਜਪਾ ਨੇ ਦੇਸ਼ ਦੀ ਜਮਹੂਰੀਅਤ ਅਤੇ ਸੰਵਿਧਾਨ 'ਤੇ ਹਮਲਾ ਕੀਤਾ ਹੋਇਆ ਹੈ।
ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ, 'ਇਕ ਪਾਸੇ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ 130 ਕਰੋੜ ਦੇਸ਼ ਵਾਸੀ ਗੰਭੀਰ ਆਰਥਕ ਸੰਕਟ ਵਿਚ ਗ੍ਰਸਤ ਹਨ। 14 ਕਰੋੜ ਤੋਂ ਵੱਧ ਰੁਜ਼ਗਾਰ ਖੋਹੇ ਜਾ ਚੁਕੇ ਹਨ। ਛੋਟੇ ਵੱਡੇ ਧੰਦੇ ਅਤੇ ਕਾਰੋਬਾਰ ਬੰਦ ਹੋਣ ਦੇ ਕੰਢੇ 'ਤੇ ਹਨ। ਚੀਨ ਨੇ ਸਾਡੇ ਖੇਤਰ 'ਤੇ ਕਬਜ਼ਾ ਕੀਤਾ ਹੋਇਆ ਹੈ ਪਰ ਪ੍ਰਧਾਨ ਮੰਤਰੀ ਕਾਂਗਰਸ ਦੀਆਂ ਸਰਕਾਰਾਂ ਡੇਗਣ ਵਿਚ ਲੱਗੇ ਹੋਏ ਹਨ।'
ਇਸੇ ਦੌਰਾਨ ਰਾਜਸਥਾਨ ਦੇ ਕਾਂਗਰਸ ਆਗੂਆਂ ਨੇ ਭਾਜਪਾ ਵਿਰੁਧ ਸੰਵਿਧਾਨਕ ਅਤੇ ਜਮਹੂਰੀ ਰਵਾਇਤ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਅਤੇ ਕੌਮੀ ਡਿਜੀਟਲ ਮੁਹਿੰਮ 'ਜਮਹੂਰੀਅਤ ਲਈ ਆਵਾਜ਼ ਚੁਕੋ' ਦੀ ਸ਼ੁਰੂਆਤ ਕੀਤੀ। ਮਾਕਨ ਨੇ ਕਿਹਾ ਕਿ ਰਾਜ ਦੀ ਬਹੁਮਤ ਵਾਲੀ ਕਾਂਗਰਸ ਸਰਕਾਰ ਦੇ ਹੱਕ ਵਿਚ, ਕਾਂਗਰਸ ਵਿਧਾਇਕਾਂ ਦੇ ਸਮਰਥਨ ਵਿਚ ਅਤੇ ਸੰਵਿਧਾਨ ਤੇ ਜਮਹੂਰੀਅਤ ਦੀ ਰਾਖੀ ਲਈ ਸੋਮਵਾਰ ਨੂੰ ਪੂਰੇ ਦੇਸ਼ ਵਿਚ ਰਾਜ ਭਵਨਾਂ ਸਾਹਮਣੇ ਕਾਂਗਰਸੀ ਵਰਕਰ ਅਤੇ ਦੇਸ਼ਵਾਸੀ ਗਾਂਧੀਵਾਦੀ ਧਰਨਾ ਦੇਣਗੇ।
ਉਨ੍ਹਾਂ ਕਿਹਾ ਕਿ ਇਹ ਜਮਹੂਰੀਅਤ ਦੀ ਰਾਖੀ ਅਤੇ ਸੁਰੱਖਿਆ ਦੇ ਸਾਡੇ ਸੰਕਲਪ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੇਗਾ। ਮਾਕਨ ਨੇ ਕਿਹਾ, 'ਰਾਜਸਥਾਨ ਵਿਚ ਜਮਹੂਰੀ ਕਵਾਇਦ ਨਾਲ ਚੁਣੀ ਹੋਈ ਸਰਕਾਰ ਡੇਗਣ ਦੀ ਭਾਜਪਾਈ ਸਾਜ਼ਸ਼ ਤੋਂ ਸਾਫ਼ ਹੈ ਕਿ ਇਹ ਵੰਡਪਾਊ ਤਾਕਤਾਂ ਜਮਹੂਰੀਅਤ ਨੂੰ ਦਿੱਲੀ ਦਰਬਾਰ ਦੀ ਦਾਸੀ ਬਣਾਉਣਾ ਚਾਹੁੰਦੀਆਂ ਹਨ ਅਤੇ ਜਮਹੂਰੀਅਤ ਨੂੰ ਅਪਣੇ ਹੱਥ ਦੀ ਕਠਪੁਤਲੀ। ਬਹੁਮਤ ਦੀ ਸ਼ਰੇਆਮ ਹਤਿਆ ਹੋ ਰਹੀ ਹੈ ਅਤੇ ਲੋਕਾਂ ਦੀ ਵੋਟ ਨੂੰ ਦਰੜ ਕੇ ਭਾਜਪਾ ਦੀ ਕਾਲ ਕੋਠੜੀ ਵਿਚ ਸੁੱਟ ਦਿਤਾ ਗਿਆ ਹੈ।' ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਸਪੀਕ ਅੱਪ ਫ਼ਾਰ ਡੈਮੋਕਰੇਸੀ' ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਦੇਸ਼ ਵਾਸੀਆਂ ਨੂੰ ਸਾਡਾ ਸੱਦਾ ਹੈ ਕਿ ਜਮਹੂਰੀਅਤ ਦੀ ਰਾਖੀ ਲਈ ਅੱਗੇ ਵੱਧ ਕੇ ਫ਼ੈਸਲਾਕੁਨ ਯੋਗਦਾਨ ਦੇਣ, ਇਹੋ ਸੱਭ ਤੋਂ ਵੱਡੀ ਦੇਸ਼ਭਗਤੀ ਹੈ।' (ਏਜੰਸੀ)