ਕਾਰਗਿਲ ਦਿਵਸ ਮੌਕੇ ਰਾਜਨਾਥ ਸਿੰਘ ਨੇ ਦਿਤੀ ਚੀਨ ਤੇ ਪਾਕਿਸਤਾਨ ਨੂੰ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਰਤ ਨੂੰ ਮੂੰਹ ਤੋੜ ਜਵਾਬ ਦੇਣਾ ਆਉਂਦਾ ਹੈ

Rajnath Singh warns China and Pakistan on Kargil Day

ਨਵੀਂ ਦਿੱਲੀ, 26 ਜੁਲਾਈ : ਕਾਰਗਿਲ ਵਿਜੈ ਦਿਵਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਵਾਰ ਫਿਰ ਪਾਕਿਸਤਾਨ ਤੇ ਚੀਨ ਨੂੰ ਚਿਤਾਵਨੀ ਦਿਤੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਪਹਿਲਾਂ ਹਮਲਾ ਨਹੀਂ ਕਰਦਾ ਪਰ ਹਮਲਾ ਹੋਏ ਤਾਂ ਮੂੰਹਤੋੜ ਜਵਾਬ ਦੇਣ ਤੋਂ ਵੀ ਪਿਛੇ ਨਹੀਂ ਹਟਦਾ। ਰਾਜਨਾਥ ਸਿੰਘ ਨੇ ਇਹ ਗੱਲ ਦੇਸ਼ ਦੇ ਵੀਰ ਜਵਾਨਾਂ ਦੇ ਨਾਂ ਜਾਰੀ ਸੰਦੇਸ਼ 'ਚ ਕਹੀ। ਇਸ ਤੋਂ ਪਹਿਲਾਂ ਰਖਿਆ ਮੰਤਰੀ ਰਾਜਨਾਥ ਸਿੰਘ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ ਸੀ। ਰਾਜਨਾਥ ਸਿੰਘ ਦੇ ਨਾਲ ਉੱਥੇ ਤਿੰਨਾਂ ਫ਼ੌਜ ਦੇ ਮੁਖੀ ਵੀ ਮੌਜੂਦ ਸੀ। ਰਾਜਨਾਥ ਸਿੰਘ ਨੇ ਸ਼ਰੀਦਾਂ ਨੂੰ ਸ਼ਰਧਾਜ਼ਲੀ ਦਿਤੀ।

ਦੇਸ਼ ਅੱਜ ਕਾਰਗਿਲ ਵਿਜੈ ਦਿਵਸ ਦੀ ਵਰ੍ਹੇਗੰਢ ਮਨਾ ਰਿਹਾ ਹੈ। ਵਿਜੈ ਦਿਵਸ ਦੀ 21ਵੀਂ ਵਰ੍ਹੇਗੰਢ 'ਤੇ ਪੂਰਾ ਦੇਸ਼ ਭਾਰਤ ਦੇ ਵੀਰ ਸਪੂਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹੀਦਾਂ ਨੂੰ ਨਮਨ ਕੀਤਾ।

ਵਿਜੈ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਅਸੀਂ 1999 'ਚ ਸਾਡੇ ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀ ਬਲਾਂ ਦੇ ਸਾਹਸ ਤੇ ਦ੍ਰਿੜ ਸੰਕਲਪ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਵੀਰਤਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਰਾਜਨਾਥ ਸਿੰਘ ਨੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ। ਉਨ੍ਹਾਂ ਨਾਲ ਕੇਂਦਰੀ ਰਖਿਆ ਮੰਤਰੀ ਸ੍ਰੀਪਦ ਨਾਇਕ ਤੇ ਤਿੰਨਾਂ ਫ਼ੌਜ ਮੁਖੀ ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਰਗਿਲ ਦੀ ਵਿਜੈ ਦਿਵਾਉਣ ਵਾਲੇ ਫ਼ੌਜੀਆਂ ਦੀ ਸ਼ਹਾਦਤ ਹਮੇਸ਼ਾ ਸਾਡੇ ਲਈ ਪ੍ਰੇਰਨਾ ਦੇ ਸ੍ਰੋਤ ਦੇ ਰੂਪ 'ਚ ਕੰਮ ਕਰੇਗੀ। (ਏਜੰਸੀ)