Parliament Monsoon Session 2022: ਮਹਿੰਗਾਈ ਅਤੇ GST ਵਾਧੇ ਦੇ ਮੁੱਦੇ 'ਤੇ ਸੰਸਦ 'ਚ ਵਿਰੋਧੀ ਧਿਰ ਵਲੋਂ ਹੰਗਾਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

Parliament Monsoon Session 2022: 'ਆਪ' ਸੰਸਦ ਮੈਂਬਰ ਸੰਜੇ ਸਿੰਘ ਇੱਕ ਹਫ਼ਤੇ ਲਈ ਮੁਅੱਤਲ

Parliament Monsoon Session 2022

ਨਵੀਂ ਦਿੱਲੀ : ਸੰਸਦ ਮਾਨਸੂਨ ਸੈਸ਼ਨ 2022- ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਅੱਠਵਾਂ ਦਿਨ ਹੈ। ਅੱਜ ਵੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਹੰਗਾਮਾ ਹੋਇਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸਦਨ 'ਚ ਨਾਹਰੇ ਲਗਾਉਣ, ਕਾਗ਼ਜ਼ ਪਾੜਨ ਅਤੇ ਸਪੀਕਰ ਦੀ ਕੁਰਸੀ ਵੱਲ ਸੁੱਟਣ ਦੇ ਦੋਸ਼ ਤਹਿਤ ਮਾਨਸੂਨ ਸੈਸ਼ਨ ਦੀ ਕਾਰਵਾਈ ਤੋਂ ਪੂਰੇ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਉਨ੍ਹਾਂ ਦੀ ਮੁਅੱਤਲੀ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ  ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੁਅੱਤਲ ਕੀਤੇ ਗਏ 23 ਸੰਸਦ ਮੈਂਬਰਾਂ ਦੇ ਸਮਰਥਨ 'ਚ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਕਾਂਗਰਸ ਦੇ ਸਾਂਸਦ ਸ਼ਕਤੀ ਸਿੰਘ ਗੋਹਿਲ ਨੇ ਈਡੀ, ਸੀਬੀਆਈ, ਆਈਟੀ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਲਈ ਨਿਯਮ 267 ਦੇ ਤਹਿਤ ਰਾਜ ਸਭਾ ਵਿੱਚ ਕੰਮਕਾਜ ਮੁਅੱਤਲ ਕਰਨ ਦਾ ਨੋਟਿਸ ਦਿੱਤਾ ਹੈ।

ਜ਼ਿਕਰਯੋਗ ਹੈ ਕਿ 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੇ ਗੁਜਰਾਤ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਨਿਯਮ 267 ਤਹਿਤ ਰਾਜ ਸਭਾ 'ਚ ਕੰਮਕਾਜ ਰੋਕਣ ਦਾ ਨੋਟਿਸ ਦਿੱਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਕੋਡੀਕੁੰਨਿਲ ਸੁਰੇਸ਼ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਸਿਆਸੀ ਬਦਲਾ ਲੈਣ ਲਈ ਕੇਂਦਰ ਸਰਕਾਰ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਲਈ ਲੋਕ ਸਭਾ ਵਿੱਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ।

ਇਸ ਤੋਂ ਇਲਾਵਾ ਗੁਜਰਾਤ ਵਿੱਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਸ਼ਕਤੀ ਸਿੰਘ ਗੋਹਿਲ ਨੇ ਰਾਜ ਸਭਾ ਵਿੱਚ ਕੰਮਕਾਜ ਰੋਕਣ ਦਾ ਨੋਟਿਸ ਦਿੱਤਾ ਹੈ। ਰਾਜ ਸਭਾ ਵਿੱਚ ਹੰਗਾਮਾ ਕਰਨ ਲਈ ਟੀਐਮਸੀ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। 19 ਸੰਸਦ ਮੈਂਬਰਾਂ ਨੂੰ ਇੱਕ ਹਫ਼ਤੇ ਲਈ ਸੰਸਦ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਲਗਾਤਾਰ ਅਪੀਲ ਕਰ ਰਹੀ ਹੈ। ਇਸ ਦੇ ਬਾਵਜੂਦ ਸੰਸਦ ਦੇ ਮਾਨਸੂਨ ਸੈਸ਼ਨ 'ਚ ਹੰਗਾਮਾ ਹੋਇਆ। ਰਾਜ ਸਭਾ ਦੀ ਕਾਰਵਾਈ ਕੱਲ ਯਾਨੀ 28 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ ਹੋ ਗਈ ਹੈ।