ਅਡਾਨੀ ਵਿਰੁਧ ਕੋਰਟ ਪਹੁੰਚੀ ਬਾਬਾ ਰਾਮਦੇਵ ਦੀ ਕੰਪਨੀ
ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਅਡਾਨੀ ਗਰੁਪ ਤੋਂ ਜ਼ੋਰਦਾਰ ਝਟਕਾ ਲਗਿਆ ਹੈ...........
ਨਵੀਂ ਦਿੱਲੀ : ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਅਡਾਨੀ ਗਰੁਪ ਤੋਂ ਜ਼ੋਰਦਾਰ ਝਟਕਾ ਲਗਿਆ ਹੈ। ਪਤੰਜਲੀ ਦੇ ਰੂਚੀ ਸੋਇਆ ਕੰਪਨੀ ਨੂੰ ਖ਼ਰੀਦਣ ਦੇ ਸੁਪਨੇ 'ਤੇ ਗੌਤਮ ਅਡਾਨੀ ਨੇ ਪਾਣੀ ਫੇਰ ਦਿਤਾ ਹੈ। ਦਰਅਸਲ ਕਰਜ਼ 'ਚ ਦਬੀ ਕੰਪਨੀ ਰੂਚੀ ਸੋਇਆ ਦੇ ਲੈਂਡਰਜ਼ ਦੀ ਕਮੇਟੀ ਨੇ 96 ਫ਼ੀ ਸਦੀ ਵੋਟਾਂ ਨਾਲ ਅਡਾਨੀ ਵਿਲਮਰ ਵਲੋਂ ਲਗਾਈ ਬੋਲੀ ਨੂੰ ਮਨਜ਼ੂਰੀ ਦੇ ਦਿਤੀ ਹੈ। ਰੂਚੀ ਸੋਇਆ ਦੇ ਲੈਂਡਰਜ਼ ਦੀ ਮਨਜ਼ੂਰੀ ਤੋਂ ਬਾਅਦ ਪਤੰਜਲੀ ਨੂੰ ਅਡਾਨੀ ਗਰੁਪ ਤੋਂ ਜ਼ੋਰਦਾਰ ਝਟਕਾ ਲਗਿਆ ਹੈ।
ਜਾਣਕਾਰੀ ਮੁਤਾਬਕ 24 ਘੰਟੇ ਦੀ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਲੈਂਡਰਜ਼ ਨੇ ਗੌਤਮ ਅਡਾਨੀ ਅਤੇ ਸਿੰਗਾਪੁਰ ਅਧਾਰਤ ਵਿਲਮਰ ਦੇ ਜੁਆਇੰਟ ਵੇਂਚਰ ਅਡਾਨੀ ਵਿਲਮਰ ਦੀ ਬੋਲੀ ਨੂੰ ਮਨਜ਼ੂਰੀ ਦੇ ਦਿਤੀ ਸੀ। ਲੈਂਡਰਜ਼ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਲਈ ਪਤੰਜਲੀ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਤੰਜਲੀ ਨੇ ਨੈਸ਼ਨਲ ਕੰਪਨੀ ਆਫ਼ ਟ੍ਰਿਬਿਊਨਲ (ਐਨਸੀਐਲਟੀ) ਦੀ ਮੁੰਬਈ ਸ਼ਾਖ਼ਾ 'ਚ ਲੈਂਡਰਜ਼ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਐਨਸੀਐਲਟੀ ਇਸ ਮਾਮਲੇ 'ਤੇ 27 ਅਗੱਸਤ ਨੂੰ ਸੁਣਵਾਈ ਕਰੇਗਾ। ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਦੋਸ਼ ਲਗਾਇਆ ਕਿ ਲੈਂਡਰਜ਼ ਨੇ ਪੂਰੀ ਪ੍ਰਕਿਰਿਆ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤੀ।
ਇਸ ਤੋਂ ਪਹਿਲਾਂ ਵੀ ਪਤੰਜਲੀ ਆਯੁਰਵੈਦਿਕ ਨੇ ਬੋਲੀ ਪ੍ਰਕਿਰਿਆ 'ਚ ਅਡਾਨੀ ਗਰੁਪ ਦੇ ਸ਼ਾਮਲ ਹੋਣ ਸਬੰਧੀ ਸਵਾਲ ਉਠਾਏ ਸਨ। ਪਤੰਜਲੀ ਨੇ ਰੂਚੀ ਸੋਇਆ ਦੇ ਰੈਜ਼ਾਲੁਸ਼ਨ ਪ੍ਰੋਫ਼ੈਸ਼ਨਲ ਦੇ ਸਾਹਮਣੇ ਅਡਾਨੀ ਗਰੁਪ ਦੀ ਯੋਗਤਾ ਸਬੰਧੀ ਸਵਾਲ ਖੜ੍ਹਾ ਕੀਤਾ ਸੀ। ਇਸ ਤੋਂ ਇਲਾਵਾ ਪਤੰਜਲੀ ਵਲੋਂ ਰੈਜ਼ਾਲੁਸ਼ਨ ਪ੍ਰੋਫ਼ੈਸ਼ਨਲ ਤੋਂ ਇਹ ਸਵਾਲ ਵੀ ਕੀਤਾ ਗਿਆ ਸੀ ਕਿ ਆਖ਼ਰ ਕਿਸ ਆਧਾਰ 'ਤੇ ਅਡਾਨੀ ਵਿਲਮਰ ਨੂੰ ਸੱਭ ਤੋਂ ਵੱਡੀ ਬੋਲੀ ਲਗਾਉਣ ਵਾਲਾ ਐਲਾਨਿਆ ਗਿਆ ਹੈ। (ਏਜੰਸੀ)