ਇਕ ਦਿਨ ਵਿਚ 1 ਹਜ਼ਾਰ ਤੋਂ ਵੱਧ ਮੌਤਾਂ, 67,151 ਨਵੇਂ ਮਾਮਲੇ
ਭਾਰਤ ਵਿਚ ਕੋਰੋਨਾ ਵਾਇਰਸ ਦੇ 67151 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਲਾਗ ਦੇ ਮਾਮਲੇ ਵੱਧ ਕੇ 33.34 ਲੱਖ ਹੋ ਗਏ ਹਨ।
ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦੇ 67151 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਲਾਗ ਦੇ ਮਾਮਲੇ ਵੱਧ ਕੇ 33.34 ਲੱਖ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਕੁਲ ਮਾਮਲਿਆਂ ਵਿਚੋਂ 24,67,758 ਲੋਕ ਇਸ ਬੀਮਾਰੀ ਤੋਂ ਠੀਕ ਹੋ ਚੁਕੇ ਹਨ।
ਮੰਤਰਾਲੇ ਨੇ ਦਸਿਆ ਕਿ 1059 ਹੋਰ ਲੋਕਾਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 59449 ਹੋ ਗਈ ਹੈ। ਹਾਲੇ 7,07,267 ਮਰੀਜ਼ਾਂ ਦਾ ਕੋਰੋਨਾ ਵਾਇਰਸ ਲਾਗ ਦਾ ਇਲਾਜ ਚੱਲ ਰਿਹਾ ਹੈ ਜੋ ਕੁਲ 32,34,474 ਮਾਮਲਿਆਂ ਦਾ 21.86 ਫ਼ੀਸਦੀ ਹੈ।
ਉਸ ਨੇ ਦਸਿਆ ਕਿ ਮੌਤ ਦਰ ਡਿੱਗ ਕੇ 1.83 ਫ਼ੀਸਦੀ ਹੋ ਗਈ ਹੈ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਦਸਿਆ ਕਿ ਹੁਣ ਤਕ ਕੁਲ 37651512 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿਚੋਂ 823992 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਹੀ ਕੀਤੀ ਗਈ।
ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਹੜੇ 1059 ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਵਿਚੋਂ 329 ਮਰੀਜ਼ ਮਹਾਰਾਸ਼ਟਰ ਦੇ ਹਨ। ਕਰਨਾਟਕ ਦੇ 148, ਤਾਮਿਲਨਾਡੂ ਦੇ 107, ਆਂਧਰਾ ਪ੍ਰਦੇਸ਼ ਦੇ 92, ਯੂਪੀ ਦੇ 72, ਪਛਮੀ ਬੰਗਾਲ ਦੇ 58, ਪੰਜਾਬ ਦੇ 49, ਗੁਜਰਾਤ ਦੇ 20,ਮੱਧ ਪ੍ਰਦੇਸ਼ ਦੇ 19 ਅਤੇ ਦਿੱਲੀ ਤੇ ਝਾਰਖੰਡ ਦੇ 17-17 ਮਰੀਜ਼ ਸਨ।
ਇਸ ਤੋਂ ਇਲਾਵਾ ਛੱਤੀਸਗੜ੍ਹ ਦੇ 15, ਜੰਮੂ ਕਸ਼ਮੀਰ ਦੇ 14, ਰਾਜਸਥਾਨ ਦੇ 13, ਤੇਲੰਗਾਨਾ, ਕੇਰਲਾ ਅਤੇ ਹਰਿਆਣਾ ਦੇ 10-10, ਗੋਆ ਤੇ ਉੜੀਸਾ ਦੇ ਨੌਂ-ਨੌਂ, ਆਸਾਮ ਅਤੇ ਪੁਡੂਚੇਰੀ ਦੇ ਅੱਠ-ਅੱਠ, ਉਤਰਾਖੰਡ ਵਿਚ ਛੇ, ਤ੍ਰਿਪੁਰਾ ਤੇ ਬਿਹਾਰ ਵਿਚ ਪੰਜ-ਪੰਜ, ਚੰਡੀਗੜ੍ਹ ਵਿਚ ਤਿੰਨ, ਅੰਡੇਮਾਨ ਅਤੇ ਮਣੀਪੁਰ ਵਿਚ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਲਦਾਖ਼ ਵਿਚ ਇਕ ਇਕ ਵਿਅਕਤੀ ਦੀ ਮੌਤ ਹੋ ਗਈ।