ਸੂਬਿਆਂ ਦੇ ਮੁਆਵਜ਼ੇ ਲਈ ਖੁੱਲ੍ਹਿਆ RBI ਦਾ ਦਰਵਾਜ਼ਾ , ਜੀਐਸਟੀ ਕੌਂਸਲ ਨੇ ਦਿੱਤੇ 2 ਵਿਕਲਪ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਖੁਦ ਉਧਾਰ ਲੈ ਕੇ ਸੂਬਿਆਂ ਨੂੰ ਮੁਆਵਜ਼ਾ ਦੇਵੇ ਜਾਂ ਰਿਜ਼ਰਵ ਬੈਂਕ ਤੋਂ ਕਰਜ਼ਾ ਲਿਆ ਜਾਵੇ

Nirmala Sitaraman

ਨਵੀਂ ਦਿੱਲੀ - ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਦੀ 41 ਵੀਂ ਬੈਠਕ ਅੱਜ 27 ਅਗਸਤ ਨੂੰ ਹੋਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਇਸ ਬੈਠਕ ਵਿਚ ਕਈ ਫੈਸਲੇ ਲਏ ਗਏ ਹਨ। ਇਸ ਬੈਠਕ ਵਿਚ ਰਾਜਾਂ ਨੇ ਜੀਐਸਟੀ ਮੁਆਵਜ਼ੇ ‘ਤੇ ਮੰਥਨ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜ ਘੰਟੇ ਚੱਲੀ ਬੈਠਕ ਵਿਚ ਰਾਜਾਂ ਨੂੰ 2 ਵਿਕਲਪ ਦਿੱਤੇ ਗਏ ਹਨ।

ਕੇਂਦਰ ਖੁਦ ਉਧਾਰ ਲੈ ਕੇ ਸੂਬਿਆਂ ਨੂੰ ਮੁਆਵਜ਼ਾ ਦੇਵੇ ਜਾਂ ਰਿਜ਼ਰਵ ਬੈਂਕ ਤੋਂ ਕਰਜ਼ਾ ਲਿਆ ਜਾਵੇ। ਰਾਜ 7 ਦਿਨਾਂ ਦੇ ਅੰਦਰ ਆਪਣੀ ਰਾਏ ਦੇਣਗੇ। ਯਾਨੀ ਸੱਤ ਦਿਨਾਂ ਬਾਅਦ ਫਿਰ ਇੱਕ ਸੰਖੇਪ ਬੈਠਕ ਹੋਵੇਗੀ। ਇਹ ਵਿਕਲਪ ਸਿਰਫ ਇਸ ਸਾਲ ਲਈ ਹੈ। ਕੌਂਸਲ ਅਪ੍ਰੈਲ 2021 ਵਿਚ ਦੁਬਾਰਾ ਬੈਠ ਕੇ ਸਥਿਤੀ ਦੀ ਸਮੀਖਿਆ ਕਰੇਗੀ। ਵਿੱਤ ਸਕੱਤਰ ਦੇ ਅਨੁਸਾਰ, ਮੌਜੂਦਾ ਵਿੱਤੀ ਵਰ੍ਹੇ (2020-21) ਵਿਚ ਕੋਰੋਨਾ ਕਾਰਨ ਜੀਐਸਟੀ ਸੰਗ੍ਰਹਿ ਵਿਚ 2.35 ਲੱਖ ਕਰੋੜ ਰੁਪਏ ਦੀ ਕਟੌਤੀ ਹੋਣ ਦੀ ਸੰਭਾਵਨਾ ਹੈ। 

ਸੂਬਿਆਂ ਨੂੰ ਚਾਰ ਮਹੀਨਿਆਂ ਭਾਵ ਮਈ, ਜੂਨ, ਜੁਲਾਈ ਅਤੇ ਅਗਸਤ ਤੋਂ ਮੁਆਵਜ਼ਾ ਨਹੀਂ ਮਿਲਿਆ ਹੈ। ਸਰਕਾਰ ਨੇ ਹਾਲ ਹੀ ਵਿਚ ਵਿੱਤ ਬਾਰੇ ਸਥਾਈ ਕਮੇਟੀ ਨੂੰ ਕਿਹਾ ਹੈ ਕਿ ਉਸ ਕੋਲ ਰਾਜਾਂ ਨੂੰ ਮੁਆਵਜ਼ਾ ਦੇਣ ਲਈ ਪੈਸੇ ਨਹੀਂ ਹਨ। ਜੀਐਸਟੀ ਕੌਂਸਲ ਦੀ ਬੈਠਕ ਤੋਂ ਬਾਅਦ ਵਿੱਤ ਸਕੱਤਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਵਿੱਤੀ ਸਾਲ 2019-20 ਲਈ ਜੀਐਸਟੀ ਮੁਆਵਜ਼ੇ ਵਜੋਂ 1.65 ਲੱਖ ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਹਨ, ਜਿਸ ਵਿਚ ਮਾਰਚ ਲਈ 13,806 ਕਰੋੜ ਰੁਪਏ ਸ਼ਾਮਲ ਹਨ।

2019-20 ਲਈ ਜਾਰੀ ਮੁਆਵਜ਼ੇ ਦੀ ਕੁਲ ਰਾਸ਼ੀ 1.65 ਲੱਖ ਕਰੋੜ ਹੈ, ਜਦੋਂ ਕਿ ਸੈੱਸ ਦੀ ਰਕਮ 95,444 ਕਰੋੜ ਸੀ। ਦੱਸ ਦਈਏ ਕਿ 12 ਜੂਨ ਨੂੰ ਜੀਐਸਟੀ ਕੌਂਸਲ ਦੀ ਆਖਰੀ ਮੀਟਿੰਗ ਹੋਈ ਸੀ। ਮੀਟਿੰਗ ਵਿਚ, ਸਾਲ-ਦਰ-ਸਾਲ, ਜੀਐਸਟੀ ਰਿਟਰਨ ਦੀ ਲੋਟ ਫੀਸ 'ਤੇ ਛੋਟ ਦਿੱਤੀ ਗਈ ਸੀ। ਕੋਰੋਨਾ ਕਾਲ ਵਿਚ ਇਹ ਪਹਿਲੀ ਬੈਠਕ ਸੀ। ਇਸ ਤੋਂ ਪਹਿਲਾਂ ਮਾਰਚ ਵਿਚ ਜੀਐਸਟੀ ਕੌਂਸਲ ਦੀ 39 ਵੀਂ ਬੈਠਕ ਹੋਈ ਸੀ।

ਵਿੱਤ ਮੰਤਰੀ ਨੇ ਦੁਪਹੀਆ ਵਾਹਨ ਚਾਲਕਾਂ ਬਾਰੇ ਕੁਝ ਨਹੀਂ ਕਿਹਾ। ਦੱਸ ਦਈਏ ਕਿ ਨਿਰਮਲਾ ਸੀਤਾਰਮਨ ਨੇ ਦੋਪਹੀਆ ਵਾਹਨਾਂ ‘ਤੇ ਜੀਐਸਟੀ ਘਟਾਉਣ ਦੇ ਸੰਕੇਤ ਦਿੱਤੇ ਸਨ। ਵਿੱਤ ਮੰਤਰੀ ਨੇ ਕਿਹਾ ਸੀ ਕਿ ਇਹ ਦੋਪਹੀਆ ਵਾਹਨ ਨਾ ਤਾਂ ਇਕ ਲਗਜ਼ਰੀ ਚੀਜ਼ ਹੈ ਅਤੇ ਨਾ ਹੀ ਇਹ ਨੁਕਸਾਨਦੇਹ ਚੀਜ਼ਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਇਸ ਲਈ ਇਸ ਉੱਤੇ ਜੀਐਸਟੀ ਦਰ ਵਿਚ ਸੋਧ ਕਰਨ ਦਾ ਕੇਸ ਹੈ।

ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨਾਂ ‘ਤੇ ਜੀਐਸਟੀ ਦਰ ਵਿਚ ਸੋਧ ਕਰਨ ਦੇ ਮਾਮਲੇ ਤੇ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ। ਪਿਛਲੇ ਸਾਲ ਇਸੇ ਸਮੇਂ, ਦੇਸ਼ ਦੀ ਸਭ ਤੋਂ ਵੱਡੀ ਦੁਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਵੀ ਸਰਕਾਰ ਨੂੰ ਜੀਐਸਟੀ ਵਿਚ ਕਟੌਤੀ ਕਰਨ ਦੀ ਅਪੀਲ ਕੀਤੀ ਸੀ। ਵਰਤਮਾਨ ਵਿਚ ਦੁਪਹੀਆ ਵਾਹਨ ਤੇ 28 ਪ੍ਰਤੀਸ਼ਤ ਦੀ ਦਰ ਨਾਲ ਜੀਐੱਸਟੀ ਲਗਦਾ ਹੈ।