1 ਸਤੰਬਰ ਤੋਂ ਦਿੱਲੀ 'ਚ ਖੁੱਲ੍ਹਣਗੇ ਸਕੂਲ, ਕੋਚਿੰਗ ਸੈਂਟਰਾਂ ਨੂੰ ਵੀ ਮਿਲੇਗੀ ਕੰਮ ਕਰਨ ਦੀ ਮਨਜ਼ੂਰੀ
ਇਹ ਫੈਸਲਾ ਸਕੂਲ ਖੋਲ੍ਹਣ ਲਈ ਬਣਾਈ ਗਈ ਮਾਹਰ ਕਮੇਟੀ ਦੀ ਰਾਏ ਦੇ ਮੱਦੇਨਜ਼ਰ ਲਿਆ ਗਿਆ ਹੈ
ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸ਼ੁੱਕਰਵਾਰ ਨੂੰ ਹੋਈ ਬੈਠਕ ਵਿਚ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਨੇ ਸੂਬੇ ਵਿਚ ਸਕੂਲ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਆਉਣ ਵਾਲੀ 1 ਸਤੰਬਰ ਤੋਂ 9 ਵੀਂ ਤੋਂ 12 ਵੀਂ ਜਮਾਤ ਲਈ ਸਕੂਲ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ 8 ਸਤੰਬਰ ਤੋਂ 6 ਵੀਂ ਤੋਂ 8 ਵੀਂ ਜਮਾਤ ਤੱਕ ਦੇ ਸਕੂਲ ਖੋਲ੍ਹੇ ਜਾਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਅਜਿਹੇ ਸੰਕੇਤ ਦੇ ਚੁੱਕੇ ਸਨ ਕਿ ਸੂਬੇ ਵਿਚ ਜਲਦੀ ਹੀ ਸਕੂਲ ਖੋਲ੍ਹੇ ਜਾਣਗੇ। ਪ੍ਰਾਇਮਰੀ ਸਕੂਲ ਖੋਲ੍ਹਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਤੋਂ ਇਲਾਵਾ ਸਾਰੇ ਕੋਚਿੰਗ ਸੰਸਥਾਨਾਂ ਨੂੰ ਵੀ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ। ਦੱਸ ਦਈਏ ਕਿ ਇਹ ਫੈਸਲਾ ਸਕੂਲ ਖੋਲ੍ਹਣ ਲਈ ਬਣਾਈ ਗਈ ਮਾਹਰ ਕਮੇਟੀ ਦੀ ਰਾਏ ਦੇ ਮੱਦੇਨਜ਼ਰ ਲਿਆ ਗਿਆ ਹੈ। ਮਾਹਰ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਹੁਣ ਰਾਜਧਾਨੀ ਵਿਚ ਹੌਲੀ ਹੌਲੀ ਸਕੂਲ ਖੋਲ੍ਹੇ ਜਾਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਵੱਡੀ ਉਮਰ ਦੇ ਬੱਚਿਆਂ ਲਈ ਕਲਾਸਾਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ
ਫਿਰ ਮਿਡਲ ਅਤੇ ਫਿਰ ਪ੍ਰਾਇਮਰੀ ਕਲਾਸਾਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ। ਕੋਵਿਡ -19 ਦੇ ਘੱਟ ਰਹੇ ਰੋਜ਼ਾਨਾ ਸੰਕਰਮਿਤ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਵਿਦਿਆਰਥੀਆਂ ਦੇ ਹਿੱਤ ਵਿਚ ਇਹ ਵੱਡਾ ਕਦਮ ਚੁੱਕਿਆ ਹੈ। ਕਈ ਥਾਵਾਂ 'ਤੇ ਸਕੂਲ ਪਹਿਲਾਂ ਹੀ ਖੁੱਲ੍ਹ ਗਏ ਹਨ। ਇਸ ਦੇ ਨਾਲ ਹੀ, ਬਾਕੀ ਸੂਬਿਆਂ ਵਿਚ ਵੀ ਕੁਝ ਦਿਸ਼ਾ ਨਿਰਦੇਸ਼ਾਂ ਦੇ ਨਾਲ ਹੌਲੀ ਹੌਲੀ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।