Jammu and Kashmir election: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਤੀਜੀ ਸੂਚੀ ਜਾਰੀ, ਵੈਸ਼ਨੋ ਦੇਵੀ ਸੀਟ ਤੋਂ ਬਦਲਿਆ ਉਮੀਦਵਾਰ
ਜੰਮੂ-ਕਸ਼ਮੀਰ 'ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ
Jammu and Kashmir election : ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਦੂਜੇ ਪੜਾਅ ਲਈ 10 ਅਤੇ ਤੀਜੇ ਪੜਾਅ ਲਈ 19 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਭਾਜਪਾ ਨੇ ਦੋ ਹੋਰ ਸੂਚੀਆਂ ਜਾਰੀ ਕੀਤੀਆਂ ਹਨ। ਪਹਿਲੀ ਸੂਚੀ 'ਚ ਭਾਜਪਾ ਨੇ 15 ਉਮੀਦਵਾਰ ਖੜ੍ਹੇ ਕੀਤੇ ਸਨ, ਜਦਕਿ ਦੂਜੀ ਸੂਚੀ 'ਚ ਸਿਰਫ ਇਕ ਨਾਂ ਸੀ। ਇਸ ਤੋਂ ਬਾਅਦ ਭਾਜਪਾ ਨੇ ਮੰਗਲਵਾਰ ਨੂੰ ਇਹ ਤੀਜੀ ਸੂਚੀ ਜਾਰੀ ਕੀਤੀ ਹੈ। ਇਸ ਸਭ ਤੋਂ ਪਹਿਲਾਂ ਵੀ ਪਾਰਟੀ ਨੇ 44 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਜਿਸ ਨੂੰ ਵਰਕਰਾਂ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ।
ਵੈਸ਼ਨੋ ਦੇਵੀ ਵਿਧਾਨ ਸਭਾ ਤੋਂ ਬਦਲਿਆ ਉਮੀਦਵਾਰ
ਇਸ ਸੂਚੀ ਅਨੁਸਾਰ ਬਲਦੇਵ ਰਾਜ ਸ਼ਰਮਾ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਵਿਧਾਨ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਹਿਲੀ ਸੂਚੀ (ਜਿਸ ਨੂੰ ਵਾਪਸ ਲੈ ਲਿਆ ਗਿਆ ਸੀ) ਵਿੱਚ ਰੋਹਿਤ ਦੂਬੇ ਨੂੰ ਇਸ ਸੀਟ ਤੋਂ ਟਿਕਟ ਦਿੱਤੀ ਗਈ ਸੀ। ਇਸ ਸੂਚੀ 'ਚ ਰੋਹਿਤ ਦੂਬੇ ਦੀ ਜਗ੍ਹਾ ਬਲਦੇਵ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਵ ਹੁਣ ਤੱਕ ਭਾਜਪਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਕੁੱਲ 45 ਨਾਵਾਂ ਦਾ ਐਲਾਨ ਕਰ ਚੁੱਕੀ ਹੈ।
ਸੂਚੀ ਵਿੱਚੋਂ ਪ੍ਰਮੁੱਖ ਆਗੂਆਂ ਦੇ ਨਾਂ ਗਾਇਬ
ਵਰਨਣਯੋਗ ਹੈ ਕਿ ਤੀਜੀ ਸੂਚੀ ਵਿੱਚ ਵੀ ਅਜੇ ਤੱਕ ਡਾ: ਨਿਰਮਲ ਸਿੰਘ ਦੇ ਨਾਂ ਦਾ ਐਲਾਨ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਕਵਿੰਦਰ ਗੁਪਤਾ ਦਾ ਨਾਂ ਵੀ ਭਾਜਪਾ ਦੀ ਸੂਚੀ ਤੋਂ ਹੁਣ ਤੱਕ ਗਾਇਬ ਹੈ।
ਸੋਮਵਾਰ ਨੂੰ ਆਈ ਪਹਿਲੀ ਸੂਚੀ ਹੋਈ ਵਾਪਸ
ਇਸ ਤੋਂ ਪਹਿਲਾਂ ਸੋਮਵਾਰ ਸਵੇਰੇ 10 ਵਜੇ ਭਾਜਪਾ ਨੇ ਜੰਮੂ-ਕਸ਼ਮੀਰ ਚੋਣਾਂ ਲਈ 44 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਪਰ ਬਾਅਦ ਵਿੱਚ ਇਹ ਸੂਚੀ ਵਾਪਸ ਲੈ ਲਈ ਗਈ। ਫਿਰ ਇਸਨੂੰ ਨਵੇਂ ਸਿਰੇ ਤੋਂ ਜਾਰੀ ਕੀਤਾ ਗਿਆ। ਇਸ ਵਿੱਚ ਪਹਿਲੇ ਪੜਾਅ ਲਈ 15 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਸੀ।
ਵਰਕਰਾਂ ਨੇ ਕੀਤਾ ਜਮ ਕੇ ਵਿਰੋਧ
ਪਹਿਲੀ ਸੂਚੀ ਨੂੰ ਲੈ ਕੇ ਭਾਜਪਾ ਨੂੰ ਖੇਤਰੀ ਪੱਧਰ 'ਤੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਦੇ ਕਈ ਸੀਨੀਅਰ ਆਗੂ ਪਹਿਲੀ ਸੂਚੀ ਤੋਂ ਨਾਖੁਸ਼ ਸਨ ਕਿਉਂਕਿ ਉਨ੍ਹਾਂ ਦੇ ਨਾਂ ਨਹੀਂ ਸਨ, ਜਿਸ ਕਾਰਨ ਭਾਜਪਾ ਨੂੰ ਨਵੀਂ ਸੂਚੀ ਜਾਰੀ ਕਰਨੀ ਪਈ।
ਚੋਣਾਂ ਤਿੰਨ ਪੜਾਵਾਂ ਵਿੱਚ ਹੋਣਗੀਆਂ
ਤੁਹਾਨੂੰ ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਕੁਝ ਦਿਨ ਪਹਿਲਾਂ ਰਾਜ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਲਈ ਚੋਣ ਤਰੀਕਾਂ ਦਾ ਐਲਾਨ ਕੀਤਾ ਸੀ। ਜੰਮੂ-ਕਸ਼ਮੀਰ 'ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਸੁਰੱਖਿਆ ਪੱਖੋਂ ਸੰਵੇਦਨਸ਼ੀਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਤਿੰਨ ਪੜਾਵਾਂ 'ਚ ਕਰਵਾਈਆਂ ਜਾਣਗੀਆਂ। ਵਿਧਾਨ ਸਭਾ ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਆਉਣਗੇ। ਪਹਿਲੇ ਪੜਾਅ 'ਚ 24 ਸੀਟਾਂ, ਦੂਜੇ ਪੜਾਅ 'ਚ 26 ਅਤੇ ਤੀਜੇ ਪੜਾਅ 'ਚ 40 ਸੀਟਾਂ 'ਤੇ ਵੋਟਿੰਗ ਹੋਣੀ ਹੈ।