Telegram issue : ਭਾਰਤ 'ਚ ਵੀ ਵੱਧ ਸਕਦੀਆਂ ਹਨ ਟੈਲੀਗ੍ਰਾਮ ਦੀਆਂ ਮੁਸ਼ਕਿਲਾਂ , ਆਈਟੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਤੋਂ ਮੰਗੀ ਡਿਟੇਲ
ਭਾਰਤ ਸਰਕਾਰ ਵੀ ਇਸ ਐਪ 'ਤੇ ਸ਼ਿਕੰਜਾ ਕੱਸ ਸਕਦੀ ਹੈ
Telegram issue : ਮੈਸੇਜਿੰਗ ਐਪ ਟੈਲੀਗ੍ਰਾਮ ਦੇ ਸੀਈਓ ਪਾਵੇਲ ਦੁਰੋਵ (Pavel Durov) ਦੀ ਗ੍ਰਿਫਤਾਰੀ ਤੋਂ ਬਾਅਦ ਟੈਲੀਗ੍ਰਾਮ ਦੀਆਂ ਮੁਸ਼ਕਿਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਭਾਰਤ ਸਰਕਾਰ ਵੀ ਇਸ ਐਪ 'ਤੇ ਸ਼ਿਕੰਜਾ ਕੱਸ ਸਕਦੀ ਹੈ। ਇਸ ਸਬੰਧੀ ਆਈਟੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਤੋਂ ਅਪਡੇਟ ਮੰਗੀ ਹੈ। ਜਿਸ ਵਿੱਚ ਇਹ ਪੁੱਛਿਆ ਗਿਆ ਹੈ ਕਿ ਕੀ ਇਸ ਐਪ ਰਾਹੀਂ ਭਾਰਤ ਵਿੱਚ ਕੋਈ ਗੈਰ-ਕਾਨੂੰਨੀ ਕੰਮ ਹੋ ਰਿਹਾ ਹੈ।
ਸੂਤਰਾਂ ਮੁਤਾਬਕ ਫਰਾਂਸ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਆਈਟੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਤੋਂ ਟੈਲੀਗ੍ਰਾਮ ਵਿਰੁੱਧ ਬਕਾਇਆ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਹੁਣ ਤੱਕ ਕੀਤੀ ਕਾਰਵਾਈ ਦੀ ਡਿਟੇਲ ਮੰਗੀ ਹੈ। ਜਾਣਕਾਰੀ ਮੁਤਾਬਕ ਦੇਸ਼ 'ਚ ਟੈਲੀਗ੍ਰਾਮ ਐਪ ਦੇ 50 ਲੱਖ ਤੋਂ ਜ਼ਿਆਦਾ ਰਜਿਸਟਰਡ ਯੂਜ਼ਰਸ ਹਨ। ਇਸ ਵਿੱਚ ਪਹਿਲਾਂ ਹੀ ਸ਼ੱਕੀ ਖਾਤਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਪਰ ਹੁਣ ਇਸ ਐਪ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਟੈਲੀਗ੍ਰਾਮ ਦਾ ਸੀਈਓ ਗ੍ਰਿਫਤਾਰ
ਟੈਲੀਗ੍ਰਾਮ ਮੈਸੇਜਿੰਗ ਐਪ ਦੇ ਸੰਸਥਾਪਕ ਅਤੇ ਸੀਈਓ ਪਾਵੇਲ ਦੁਰੋਵ ਨੂੰ ਸ਼ਨੀਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗ੍ਰਿਫਤਾਰੀ ਬੋਰਗੇਟ ਹਵਾਈ ਅੱਡੇ 'ਤੇ ਕੀਤੀ ਗਈ। ਉਦੋਂ ਤੋਂ ਇਹ ਖਬਰ ਪੂਰੀ ਦੁਨੀਆ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਹਾਲਾਂਕਿ, ਐਲੋਨ ਮਸਕ ਸਮੇਤ ਕਈ ਲੋਕ ਸੀਈਓ ਦੇ ਸਮਰਥਨ ਵਿੱਚ ਆਏ ਅਤੇ ਕੁਝ ਨੇ ਵਿਰੋਧ ਵੀ ਕੀਤਾ।
ਇਸ ਲਈ ਕੀਤਾ ਗਿਆ ਗ੍ਰਿਫਤਾਰ
ਟੈਲੀਗ੍ਰਾਮ ਮੈਸੇਜਿੰਗ ਐਪ ਦੇ ਸੰਸਥਾਪਕ ਅਤੇ ਸੀਈਓ ਪਾਵੇਲ ਦੁਰੋਵ ਦੀ ਇਹ ਗ੍ਰਿਫਤਾਰੀ ਪੁਲਿਸ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ। ਇਹ ਜਾਂਚ ਟੈਲੀਗ੍ਰਾਮ 'ਤੇ ਸੰਚਾਲਕਾਂ ਦੀ ਕਮੀ 'ਤੇ ਕੇਂਦਰਿਤ ਸੀ। ਪੁਲਿਸ ਦੁਆਰਾ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਸੰਚਾਲਕਾਂ ਦੀ ਕਮੀ ਨੇ ਮੈਸੇਜਿੰਗ ਐਪ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ।
Rumble ਦੇ ਸੀਈਓ ਨੇ ਛੱਡਿਆ ਯੂਰਪ
Telegram CEO ਪਾਵੇਲ ਦੁਰੋਵ ਤੋਂ ਘਬਰਾ ਕੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਰੰਬਲ ਦੇ CEO Chris Pavlovski ਨੇ ਕੁਝ ਘੰਟਿਆਂ ਵਿੱਚ ਯੂਰਪ ਛੱਡ ਦਿੱਤਾ। ਉਨ੍ਹਾਂ ਨੇ ਖੁਦ ਐਕਸ ਪਲੇਟਫਾਰਮ (ਪੁਰਾਣਾ ਨਾਂ ਟਵਿਟਰ) 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।