Maharashtra News : ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ਨੇੜੇ ਮੁਕਾਬਲੇ ’ਚ 4 ਨਕਸਲੀ ਢੇਰ
Maharashtra News : 1 SLR ਰਾਈਫਲ, 2 ਇੰਸਾਸ ਰਾਈਫਲਾਂ ਤੇ 1 .303 ਰਾਈਫਲ ਹੋਈ ਬਰਾਮਦ
Maharashtra News in Punjabi : ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਬੁਧਵਾਰ ਨੂੰ ਮੁਕਾਬਲੇ ’ਚ ਤਿੰਨ ਔਰਤਾਂ ਸਮੇਤ ਘੱਟੋ-ਘੱਟ ਚਾਰ ਨਕਸਲੀ ਮਾਰੇ ਗਏ। ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਛੱਤੀਸਗੜ੍ਹ ਦੇ ਗੜ੍ਹਚਿਰੌਲੀ ਅਤੇ ਨਰਾਇਣਪੁਰ ਜ਼ਿਲ੍ਹੇ ਦੀ ਸਰਹੱਦ ਨੇੜੇ ਵਾਪਰੀ।
ਪੁਲਿਸ ਨੂੰ 25 ਅਗੱਸਤ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਗੱਟਾ ਦਲਮ, ਕੰਪਨੀ ਨੰਬਰ 10 ਅਤੇ ਗੜ੍ਹਚਿਰੌਲੀ ਡਿਵੀਜ਼ਨ ਦੇ ਹੋਰ ਮਾਉਵਾਦੀ ਸੰਗਠਨ ਕੋਪਰਸ਼ੀ ਜੰਗਲ ਖੇਤਰ ਵਿਚ ਮੌਜੂਦ ਹਨ। ਗੜ੍ਹਚਿਰੌਲੀ ਪੁਲਿਸ ਦੀ ਨਕਸਲ ਵਿਰੋਧੀ ਕਮਾਂਡੋ ਫੋਰਸ ਸੀ-60 ਦੀਆਂ 19 ਇਕਾਈਆਂ ਅਤੇ ਸੀ.ਆਰ.ਪੀ.ਐਫ. ਦੀ ਕੁਇਕ ਐਕਸ਼ਨ ਟੀਮ ਦੀਆਂ ਦੋ ਯੂਨਿਟਾਂ ਨੂੰ ਇਲਾਕੇ ਵਿਚ ਭੇਜਿਆ ਗਿਆ।
ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਬਾਵਜੂਦ ਵਧੀਕ ਪੁਲਿਸ ਸੁਪਰਡੈਂਟ ਓਰਾਟਿਜਨ ਐਮ. ਰਮੇਸ਼ ਦੀ ਅਗਵਾਈ ਵਾਲੀ ਟੀਮ ਬੁਧਵਾਰ ਸਵੇਰੇ ਜੰਗਲ ਪਹੁੰਚੀ। ਬਿਆਨ ’ਚ ਕਿਹਾ ਗਿਆ ਹੈ ਕਿ ਨਕਸਲੀਆਂ ਨੇ ਉਸ ਸਮੇਂ ਗੋਲੀਬਾਰੀ ਸ਼ੁਰੂ ਕਰ ਦਿਤੀ ਜਦੋਂ ਟੀਮ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਲਗਭਗ ਅੱਠ ਘੰਟਿਆਂ ਤਕ ਰੁਕ-ਰੁਕ ਕੇ ਜਾਰੀ ਰਹੀ।
ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਬਾਅਦ ਤਿੰਨ ਔਰਤਾਂ ਅਤੇ ਇਕ ਪੁਰਸ਼ ਦੀਆਂ ਲਾਸ਼ਾਂ, ਇਕ ਐਸ.ਐਲ.ਆਰ. ਰਾਈਫਲ, ਦੋ ਇੰਸਾਸ ਰਾਈਫਲਾਂ ਅਤੇ ਇਕ .303 ਰਾਈਫਲ ਬਰਾਮਦ ਕੀਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਬਾਕੀ ਨਕਸਲੀਆਂ ਦੀ ਭਾਲ ਇਲਾਕੇ ’ਚ ਜਾਰੀ ਹੈ। (ਪੀਟੀਆਈ)