ਮੰਗਾਂ ਨੂੰ ਲੈ ਕੇ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਯੂਨੀਅਨ ਵੱਲੋਂ ਡਪਿੰਗ ਗ੍ਰਾਉਂਡ ਵਿੱਚ ਹੰਗਾਮਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਦੇ ਖਿਲਾਫ ਕੀਤਾ ਜਾ ਰਿਹਾ ਸੰਘਰਸ਼ ਫਿਰ ਤੇਜ਼

Door to Door Garbage Collection Union Concerns Demanding in the Dumping Ground

ਚੰਡੀਗੜ੍ਹ  : ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਦੇ ਖਿਲਾਫ ਕੀਤਾ ਜਾ ਰਿਹਾ ਸੰਘਰਸ਼ ਫਿਰ ਤੇਜ਼ ਹੋ ਗਿਆ ਹੈ। ਨਿਗਮ ਦੇ ਅਧਿਕਾਰੀਆਂ ਅਤੇ ਮੇਅਰ ਵੱਲੋਂ ਹੜਤਾਲ 'ਤੇ ਚਲ ਰਹੇ ਉਕਤ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਾਂ ਕੀਤੇ ਜਾਣ ਤੇ ਕਰਚਮਾਰੀਆਂ ਨੇ ਅੱਜ ਫਿਰ ਡਪਿੰਗ ਗ੍ਰਾਉਂਡ ਦੇ ਮੇਨ ਗੇਟ ਤੋਂ ਅੱਗੇ ਵੱਧਕੇ ਮੇਅਰ ਦਾ ਪੁਤਲਾ ਫੂਕਣ ਅਤੇ ਡਪਿੰਗ ਗ੍ਰਾਉਂਡ ਦੇ ਰਸਤੇ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਦੀ ਸਖ਼ਤ ਸੁਰੱਖਿਆ ਦੇ ਚਲਦਿਆਂ ਹੜਤਾਲ ਕਰਨ ਵਾਲਿਆਂ ਨੂੰ ਇਸ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਗਿਆ।

ਹੜਤਾਲੀਆਂ ਨੇ ਅੱਧੇ ਨੰਗੇ ਹੋ ਕੇ ਪ੍ਰਦਸ਼ਨ ਕੀਤਾ ਅਤੇ ਭਾਜਪਾ ਖਿਲਾਫ ਆਪਣਾ ਰੋਸ ਪ੍ਰਗਟਾਇਆ। ਹੜਤਾਲ 'ਤੇ ਗਏ ਕਰਮਚਾਰੀਆਂ ਦੀ ਧੱਕਾ-ਮੁੱਕੀ ਹੋਣ ਤੇ ਪੁਲਿਸ ਨੇ ਹਲਕੇ ਬਲ ਦੀ ਵਰਤੋਂ ਕਰਿਦਆਂ ਉਨਾਂ ਨੂੰ ਪਿੱਛੇ ਕਰ ਦਿੱਤਾ। ਇਹ ਕਰਮਚਾਰੀ ਨਿਗਮ ਮੇਅਰ ਅਤੇ ਅਧਿਕਾਰੀਆਂ ਨਾਲ ਪੁਰਾਣੇ ਕੂੜੇ ਨੂੰ ਇੱਕਠੇ ਕਰਨ ਦੀ ਪ੍ਰਣਾਲੀ ਨੂੰ ਲਾਗੂ ਕਰਨ ਅਤੇ ਲੋਕਾਂ ਦੇ ਘਰਾਂ ਵਿਚੋਂ ਕੂੜਾ ਚੁੱਕਣ ਤੇ ਖ਼ੁਦ ਪੈਸੇ ਇੱਕਠੇ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਜਦਕਿ ਨਿਗਮ ਉਨਾਂ ਨੂੰ ਠੇਕੇਦਾਰ ਦੇ ਅਧੀਨ ਲਿਆਉਣਾ ਚਾਹੁੰਦਾ ਹੈ ਜੋ ਕਿ ਉਨਾਂ ਨੂੰ ਬਰਦਾਸ਼ਤ ਨਹੀਂ ਹੈ।

ਪੁਲਿਸ ਵੱਲੋਂ ਅੱਜ ਦੁਪਹਿਰ ਨੂੰ ਹੜਤਾਲ 'ਤੇ  ਗਏ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਯੂਨੀਅਨ ਦੇ ਕਰਮਚਰਾਰੀਆਂ ਉਪਰ ਕੀਤੇ ਗਏ ਬਲ ਪ੍ਰਯੋਗ ਨਾਲ ਕੁਝ ਕਰਮਚਾਰੀਆਂ ਦੇ ਹੱਥਾਂ ਅਤੇ ਪੈਰਾਂ ਤੇ ਸੱਟਾਂ ਲੱਗੀਆਂ ਹਨ। ਇੱਥੇ ਹੀ ਬਸ ਨਹੀਂ ਹੈ, ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਾਉਣ ਲਈ ਪਾਣੀ ਵੀ ਸੁੱਟਿਆ ਗਿਆ। ਇਸ ਹੜਤਾਲ 'ਤੇ ਗਏ ਕਰਮਚਾਰੀਆਂ ਨੇ ਡਪਿੰਗ ਗ੍ਰਾਉਂਡ ਵਿਖੇ ਆਪਣਾ ਡੇਰਾ ਲਗਾਇਆ ਹੋਇਆ ਹੈ।

ਬਦਬੂ ਭਰੇ ਇਸ ਵਾਤਾਵਰਣ ਵਿੱਚ ਇਹ ਹੜਤਾਲੀ ਕਰਮਚਾਰੀ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਕੁਝ ਵੀ ਕਰਨ ਲਈ ਤਿਆਰ ਹਨ ਪਰ ਇਸ ਦੌਰਾਨ ਚੰਡੀਗੜ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਵੀ ਇਸੇ ਥਾਂ 'ਤੇ ਮੂੰਹ ਢੱਕ ਕੇ ਡਿਊਟੀ ਦੇਣ ਲਈ ਮਜ਼ਬਰੂ ਹਨ। ਹੜਤਾਲ ਤੇ ਗਏ ਕਰਮਚਾਰੀਆਂ ਦੇ ਹੰਗਾਮੇ ਕਾਰਨ ਕੂੜੇ ਦੇ ਭਰੇ ਹੋਏ ਟੱਰਕ ਅਤੇ ਟਰਾਲਿਆਂ ਰਸਤੇ ਵਿਚ ਹੀ ਖੜੇ ਰਹੇ। ਉਕਤ ਵਾਹਨਾਂ ਦੇ ਚਾਲਕ ਬਾਅਦ ਦੁਪਹਿਰ ਤੱਕ ਮਾਮਲੇ ਦੇ ਸ਼ਾਂਤ ਹੋਣ ਦਾ ਇੰਤਜ਼ਾਰ ਕਰਦੇ ਰਹੇ।

ਡਪਿੰਗ ਗ੍ਰਾਉਂਡ ਦੇ ਹੰਗਾਮੇ ਦੇ ਚਲਦਿਆਂ ਸ਼ਹਿਰ ਦੇ ਕਈ ਸੈਕਟਰਾਂ ਵਿਚ ਕੂੜੇ ਦੇ ਢੇਰ ਲੱਗੇ ਰਹੇ ਜਿਨਾਂ ਨੂੰ ਚੁੱਕਣ ਲਈ ਕੋਈ ਵਾਹਨ ਨਹੀਂ ਆਇਆ। ਡਪਿੰਗ ਗ੍ਰਾਉਂਡ ਵਿਚੋਂ ਨਿਕਲ ਰਿਹਾ ਗੰਦਾ ਪਾਣੀ ਆਲੇ-ਦੁਆਲੇ ਦੇ ਨਜ਼ਦੀਕੀ ਖੇਤਰਾਂ ਲਈ ਖ਼ਤਰਾ ਬਣੇ ਹੋਏ ਹਨ। ਇਸ ਗੰਦੇ ਪਾਣੀ ਕਾਰਨ ਉਠ ਰਹੀ ਬਦਬੂ ਕਾਰਨ ਸਾਹ ਲੈਣਾ ਵੀ ਕਿਸੇ ਬੀਮਾਰੀ ਨੂੰ ਸੱਦਾ ਦੇਣ ਦੇ ਬਰਾਬਰ ਹੈ। ਅਜਿਹੀ ਹਾਲਤ ਨਾਲ ਨਿਪਟਣ ਲਈ ਨਿਗਮ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਸਗੋਂ ਸਿਰਫ ਕੋਰੇ ਭਰੋਸੇ ਹੀ ਦਿੱਤੇ ਜਾ ਰਹੇ ਹਨ।