ਲੁਧਿਆਣਾ ’ਚ ਸਭ ਤੋਂ ਵੱਧ ਵਾਪਰਦੇ ਨੇ ਸੜਕ ਹਾਦਸੇ: ਸਾਲ 2022 ’ਚ 22 ਸੜਕ ਹਾਦਸਿਆਂ ਨੇ ਲਈ 22 ਲੋਕਾਂ ਦੀ ਜਾਨ
ਰਾਤ ਸਮੇਂ ਸ਼ਹਿਰ ਦੇ ਮੁੱਖ ਮਾਰਗਾਂ ਅਤੇ ਸੜਕਾਂ 'ਤੇ ਬੇਸਹਾਰਾ ਪਸ਼ੂ ਘੁੰਮਦੇ ਦੇਖੇ ਜਾ ਸਕਦੇ ਹਨ
ਲੁਧਿਆਣਾ: ਦੇਸ਼ ਵਿਚ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਵਿਚ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਦੂਜੇ ਨੰਬਰ ’ਤੇ ਹੈ। ਸਮਾਰਟ ਸਿਟੀ ਦੀ ਗੱਲ ਕਰਨ ਵਾਲੇ ਨਗਰ ਨਿਗਮ ਅਧਿਕਾਰੀਆਂ ਦੇ ਦਾਅਵਿਆਂ ਨੂੰ ਐਨਸੀਆਰਬੀ ਦੀ ਰਿਪੋਰਟ ਖੋਖਲਾ ਸਾਬਤ ਕਰਦੀ ਹੈ। ਰਿਪੋਰਟ ਅਨੁਸਾਰ ਬੇਸਹਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਵਿਚ ਲੁਧਿਆਣਾ ਦਾ ਮਹਾਂਨਗਰ ਦੇਸ਼ ਭਰ ਵਿਚ ਦੂਜੇ ਨੰਬਰ ’ਤੇ ਹੈ।
ਇਸ ਦਾ ਮਤਲਬ ਹੈ ਕਿ ਨਿਗਮ ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਦੀ ਸੰਭਾਲ ਕਰਨ ਵਿਚ ਨਾਕਾਮ ਰਿਹਾ ਹੈ। ਲੋਕਾਂ ਤੋਂ ਲਗਾਤਾਰ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਪਸ਼ੂਆਂ 'ਤੇ ਇਹ ਟੈਕਸ ਨਜ਼ਰ ਨਹੀਂ ਆ ਰਿਹਾ| ਰਾਤ ਸਮੇਂ ਸ਼ਹਿਰ ਦੇ ਮੁੱਖ ਮਾਰਗਾਂ ਅਤੇ ਸੜਕਾਂ 'ਤੇ ਬੇਸਹਾਰਾ ਪਸ਼ੂ ਘੁੰਮਦੇ ਦੇਖੇ ਜਾ ਸਕਦੇ ਹਨ, ਜੋ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ |
ਰਿਪੋਰਟ ਮੁਤਾਬਕ ਸਾਲ 2022 'ਚ ਹੁਣ ਤੱਕ ਲੁਧਿਆਣਾ 'ਚ ਪਸ਼ੂਆਂ ਕਾਰਨ 22 ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ 'ਚ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਅੰਕੜਿਆਂ ਨਾਲ ਦੇਸ਼ ਭਰ ਦੇ ਜ਼ਿਲ੍ਹਿਆਂ ਦੀ ਸੂਚੀ ਵਿਚ ਲੁਧਿਆਣਾ ਦੂਜੇ ਨੰਬਰ 'ਤੇ ਹੈ। 49 ਹਾਦਸਿਆਂ ਵਿਚ 49 ਮੌਤਾਂ ਨਾਲ ਉੱਤਰ ਪ੍ਰਦੇਸ਼ ਦਾ ਕਾਨਪੁਰ ਜ਼ਿਲ੍ਹਾ ਸਭ ਤੋਂ ਉੱਪਰ ਹੈ।
ਓਵਰਸਪੀਡਿੰਗ ਕਾਰਨ 257 ਹਾਦਸੇ ਹੋਏ ਹਨ ਅਤੇ 187 ਮੌਤਾਂ ਹੋਈਆਂ ਹਨ, ਜਦੋਂ ਕਿ ਲਾਪਰਵਾਹੀ ਨਾਲ ਡਰਾਈਵਿੰਗ ਕਾਰਨ 117 ਸੜਕ ਹਾਦਸਿਆਂ ਵਿਚ 88 ਮੌਤਾਂ ਹੋਈਆਂ ਹਨ। ਸ਼ਰਾਬ ਜਾਂ ਨਸ਼ੇ ਦੇ ਨਸ਼ੇ ਵਿਚ ਗੱਡੀ ਚਲਾਉਣ ਕਾਰਨ 4 ਹਾਦਸੇ ਵਾਪਰੇ ਅਤੇ ਦੋ ਲੋਕਾਂ ਦੀ ਜਾਨ ਚਲੀ ਗਈ। ਸਰੀਰਕ ਥਕਾਵਟ ਕਾਰਨ 5 ਸੜਕ ਹਾਦਸਿਆਂ ਵਿੱਚ ਲੋਕਾਂ ਦੀ ਮੌਤ ਹੋ ਗਈ।
ਮੌਸਮ ਦੀ ਖਰਾਬੀ ਕਾਰਨ 13 ਹਾਦਸੇ ਹੋਏ, ਜਿਨ੍ਹਾਂ 'ਚ 13 ਲੋਕਾਂ ਦੀ ਮੌਤ ਹੋ ਗਈ। ਸੜਕੀ ਬੁਨਿਆਦੀ ਢਾਂਚੇ ਦੀ ਘਾਟ ਕਾਰਨ 7 ਹਾਦਸੇ ਹੋਏ ਅਤੇ 10 ਮੌਤਾਂ ਹੋਈਆਂ। ਪਾਰਕ ਕੀਤੇ ਵਾਹਨਾਂ ਨਾਲ ਟਕਰਾਉਣ ਕਾਰਨ 10 ਸੜਕ ਹਾਦਸਿਆਂ ਨੇ ਲਈਆਂ 9 ਲੋਕਾਂ ਦੀ ਜਾਨ 38 ਹਾਦਸੇ ਹੋਰ ਕਾਰਨਾਂ ਕਰ ਕੇ ਹੋਏ, ਜਿਨ੍ਹਾਂ ਵਿਚ 38 ਲੋਕਾਂ ਦੀ ਜਾਨ ਚਲੀ ਗਈ।