ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜ਼ਿਲ੍ਹਾ ਹਸਪਤਾਲ ਤੋਂ ਵਾਪਸ ਭੇਜਿਆ ਜੇਲ੍ਹ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਲ੍ਹ ਅਧਿਕਾਰੀਆਂ ਦੀ ਹਿਰਾਸਤ ਵਿਚ ਘੁੰਮਣ ਦੀ ਇੱਕ ਵੀਡੀਓ ਕਲਿੱਪ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿਤਾ

Ashish Mishra

ਲਖੀਮਪੁਰ ਖੇੜੀ : ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੋਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਜ਼ਿਲ੍ਹਾ ਹਸਪਤਾਲ ਤੋਂ ਵਾਪਸ ਜੇਲ੍ਹ ਭੇਜ ਦਿਤਾ ਗਿਆ ਹੈ। ਉਸ ਦਾ ਡੇਂਗੂ ਦਾ ਇਲਾਜ ਜੇਲ੍ਹ ਹਸਪਤਾਲ ਵਿਚ ਜਾਰੀ ਰਹੇਗਾ। ਮਿਸ਼ਰਾ ਨੂੰ ਲਖੀਮਪੁਰ ਖੇੜੀ ਦੇ ਜ਼ਿਲ੍ਹਾ ਹਸਪਤਾਲ ਵਿਚ ਜੇਲ੍ਹ ਅਧਿਕਾਰੀਆਂ ਦੀ ਹਿਰਾਸਤ ਵਿਚ ਘੁੰਮਣ ਦੀ ਇੱਕ ਵੀਡੀਓ ਕਲਿੱਪ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿਤਾ ਗਿਆ ਸੀ।

ਵੀਡੀਓ 'ਚ 'ਤੰਦਰੁਸਤ' ਲੱਗ ਰਹੇ ਆਸ਼ੀਸ਼ ਨੂੰ ਹੱਥਕੜੀ ਨਹੀਂ ਲੱਗੀ ਹੋਈ ਸੀ ਅਤੇ ਅਧਿਕਾਰੀਆਂ ਨੇ ਉਸ ਨੂੰ ਖੁੱਲ੍ਹ ਕੇ ਘੁੰਮਣ ਦੀ ਇਜਾਜ਼ਤ ਦੇਣ ਲਈ ਦੂਰੀ ਬਣਾਈ ਰੱਖੀ। ਉਸ ਦੀ ਪੁਲਿਸ ਹਿਰਾਸਤ ਇਕ ਦਿਨ ਪਹਿਲਾਂ ਅਚਾਨਕ ਖ਼ਤਮ ਹੋ ਗਈ ਸੀ ਜਦੋਂ ਉਹ ਬਿਮਾਰ ਹੋ ਗਿਆ ਸੀ ਅਤੇ ਡੇਂਗੂ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਸੀ।

ਇਸ ਤੋਂ ਬਾਅਦ ਆਸ਼ੀਸ਼ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ। ਜਦਕਿ ਉਸ ਦੇ ਵਕੀਲ ਚਾਹੁੰਦੇ ਸਨ ਕਿ ਉਸ ਨੂੰ ਲਖਨਊ ਦੇ ਹਸਪਤਾਲ 'ਚ ਸ਼ਿਫਟ ਕੀਤਾ ਜਾਵੇ। ਡਾਕਟਰਾਂ ਨੇ ਕਿਹਾ ਸੀ ਕਿ ਜ਼ਿਲ੍ਹਾ ਹਸਪਤਾਲ ਵਿਚ ਹੀ ਉਸ ਦੀ ਹਾਈ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ। ਵੀਡੀਓ ਕਲਿੱਪ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਦੇ ਧਿਆਨ ਵਿਚ ਲਿਆਂਦਾ ਸੀ।

ਸੀਐਮਓ ਚਿੰਤਾ ਰਾਮ ਨੇ ਮੰਗਲਵਾਰ ਨੂੰ ਜੇਲ੍ਹ ਸੁਪਰਡੈਂਟ ਅਤੇ ਚੀਫ਼ ਮੈਡੀਕਲ ਅਫ਼ਸਰ (ਸੀਐਮਓ) ਨੂੰ ਵੱਖਰੇ ਨੋਟਿਸ ਭੇਜ ਕੇ ਪੁੱਛਿਆ ਕਿ ਕੀ ਜੇਲ੍ਹ ਹਸਪਤਾਲ ਵਿਚ ਆਸ਼ੀਸ਼ ਦਾ ਇਲਾਜ ਸੰਭਵ ਹੈ। ਦੋਵਾਂ ਨੂੰ ਵੀਰਵਾਰ ਤਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਸੀਐਮਓ ਨੂੰ ਨੋਟਿਸ ਦਿਤੇ ਜਾਣ ਤੋਂ ਤੁਰਤ ਬਾਅਦ, ਆਸ਼ੀਸ਼ ਨੂੰ ਜ਼ਿਲ੍ਹਾ ਹਸਪਤਾਲ ਨੇ ਇਹ ਦਾਅਵਾ ਕਰਦੇ ਹੋਏ ਵਾਪਸ ਜੇਲ੍ਹ ਭੇਜ ਦਿਤਾ ਕਿ ਉਸ ਦੀ ਹਾਲਤ ਹੁਣ ਸਥਿਰ ਹੈ ਅਤੇ ਅੰਦਰ ਉਸ ਦਾ ਇਲਾਜ ਸੰਭਵ ਹੈ।

ਜੇਲ੍ਹ ਸੁਪਰਡੈਂਟ ਪੀ.ਪੀ. ਸਿੰਘ ਨੇ ਕਿਹਾ, “ਆਸ਼ੀਸ਼ ਨੂੰ ਮੰਗਲਵਾਰ ਸ਼ਾਮ ਨੂੰ ਜ਼ਿਲ੍ਹਾ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਸੀ ਅਤੇ ਸ਼ਾਮ 7 ਵਜੇ ਦੇ ਕਰੀਬ ਜੇਲ੍ਹ ਵਾਪਸ ਆ ਗਿਆ ਸੀ। ਉਸ ਨੂੰ ਕੁਝ ਟੈਸਟਾਂ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਸੀ ਅਤੇ ਉਸ ਨੂੰ ਦਾਖ਼ਲ ਕਰਨ ਦਾ ਫੈਸਲਾ ਉੱਥੋਂ ਦੇ ਡਾਕਟਰਾਂ ਨੇ ਲਿਆ ਸੀ। ਫਿਲਹਾਲ ਜੇਲ੍ਹ ਅੰਦਰ ਉਸ ਦੀ ਹਾਲਤ ਠੀਕ ਹੈ।