ਤਾਮਿਲਨਾਡੂ : ਪਟਾਕਿਆਂ ਦੀ ਦੁਕਾਨ 'ਚ ਲੱਗੀ ਅੱਗ, 6 ਮੌਤਾਂ, ਕਈ ਗੰਭੀਰ ਜ਼ਖ਼ਮੀ
ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
ਕਾਲਾਕੁਰੀਚੀ : ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲ੍ਹੇ ਦੇ ਸੰਕਰਾਪੁਰਮ ਸ਼ਹਿਰ 'ਚ ਪਟਾਕਿਆਂ ਦੀ ਦੁਕਾਨ 'ਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪਟਾਕਿਆਂ ਦੀ ਦੁਕਾਨ 'ਚ ਅੱਗ ਲੱਗੀ ਤਾਂ ਉਸ ਸਮੇਂ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਇਸ ਦੀ ਗੂੰਜ ਦੂਰ ਤਕ ਸੁਣਾਈ ਦਿਤੀ। ਇੰਨੀ ਉੱਚੀ ਆਵਾਜ਼ ਸੁਣ ਕੇ ਸਥਾਨਕ ਲੋਕਾਂ 'ਚ ਹੜਕੰਪ ਮੱਚ ਗਿਆ।
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਕਾਲਾਕੁਰੀਚੀ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਦਿੱਲੀ, ਉੜੀਸਾ, ਰਾਜਸਥਾਨ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪਟਾਕਿਆਂ ਦੀ ਵਿਕਰੀ 'ਤੇ ਲੱਗੀ ਪਾਬੰਦੀ ਹਟਾਉਣ ਅਤੇ ਹਰੇ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਦੇਣ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ।
ਮੁੱਖ ਮੰਤਰੀ ਨੇ ਇੱਕ ਪੱਤਰ ਰਾਹੀਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਪਟਾਕਾ ਨਿਰਮਾਣ ਉਦਯੋਗ ਨਾਲ ਜੁੜੇ ਕਰੀਬ 8 ਲੱਖ ਮਜ਼ਦੂਰਾਂ ਦੀ ਰੋਜ਼ੀ-ਰੋਟੀ ਔਖੀ ਘੜੀ ਵਿਚ ਹੈ। ਇਸ ਅਪੀਲ ਦੇ ਕੁਝ ਦਿਨਾਂ ਬਾਅਦ ਤਾਮਿਲਨਾਡੂ ਦੇ ਕਾਲਾਕੁਰਿਚੀ ਜ਼ਿਲ੍ਹੇ ਦੇ ਸ਼ੰਕਰਪੁਰਮ ਕਸਬੇ ਵਿਚ ਜਿਸ ਤਰ੍ਹਾਂ ਨਾਲ ਹਾਦਸਾ ਵਾਪਰਿਆ ਹੈ ਉਸ ਤੋਂ ਬਾਅਦ ਖੁਦ ਮੁੱਖ ਮੰਤਰੀ ਦੀ ਇਸ ਅਪੀਲ 'ਤੇ ਸਵਾਲ ਖੜ੍ਹੇ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਧਮਾਕੇ ਦੌਰਾਨ ਆਸਪਾਸ ਮੌਜੂਦ ਸਾਰੇ ਲੋਕ ਇਸ ਦੀ ਲਪੇਟ 'ਚ ਆ ਗਏ। ਇਸ ਹਾਦਸੇ 'ਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਹਨ।