ਨਸ਼ਿਆਂ ਦੇ ਮਾਮਲਿਆਂ ਵਿਚ ਦੇਸ਼ ’ਚ ਪਿਛਲੇ ਸਾਲ ਚੋਟੀ ’ਤੇ ਰਿਹਾ UP ਅਤੇ ਦੂਜੇ ਸਥਾਨ ’ਤੇ ਪੰਜਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੱਭ ਤੋਂ ਵੱਧ ਕੇਸਾਂ ਵਿਚ ਉੱਤਰ ਪ੍ਰਦੇਸ਼ ਸਿਖ਼ਰ ਉਤੇ ਹੈ, ਦੂਜੇ ਨੰਬਰ ਉਤੇ ਪੰਜਾਬ ਤੇ ਤੀਜੇ ਨੰਬਰ ਉਤੇ ਤਮਿਲਨਾਡੂ ਆਉਂਦਾ ਹੈ।

UP topped the drug cases in the country last year

ਨਵੀਂ ਦਿੱਲੀ : ਭਾਰਤ ’ਚ 2020 ਵਿਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸ (ਐਨਡੀਪੀਐਸ) ਐਕਟ ਦੇ ਤਹਿਤ ਰਾਜਾਂ ਵਿਚ ਦਰਜ ਕੀਤੇ ਗਏ ਸੱਭ ਤੋਂ ਵੱਧ ਕੇਸਾਂ ਵਿਚ ਉੱਤਰ ਪ੍ਰਦੇਸ਼ ਸਿਖ਼ਰ ਉਤੇ ਹੈ, ਦੂਜੇ ਨੰਬਰ ਉਤੇ ਪੰਜਾਬ ਤੇ ਤੀਜੇ ਨੰਬਰ ਉਤੇ ਤਮਿਲਨਾਡੂ ਆਉਂਦਾ ਹੈ। ਉਤਰ ਪ੍ਰਦੇਸ, ਐਕਟ ਦੇ ਤਹਿਤ ਲਗਭਗ 11,000 ਕੇਸਾਂ ਦੇ ਨਾਲ, ਚਾਰਟ ਵਿਚ ਸਿਖ਼ਰ ’ਤੇ ਹੈ।

ਇਹ ਸਾਰੇ ਰਾਜਾਂ ਵਿਚ ਰਿਪੋਰਟ ਕੀਤੇ ਗਏ ਕੁਲ ਕੇਸਾਂ ਦੇ ਲਗਭਗ 20 ਪ੍ਰਤੀਸ਼ਤ ਲਈ ਜ਼ਿੰਮੇਵਾਰ ਹੈ। ਇਸ ਤੋਂ ਬਾਅਦ ਪੰਜਾਬ (6,909 ਮਾਮਲੇ) ਅਤੇ ਤਾਮਿਲਨਾਡੂ (5,403 ਮਾਮਲੇ) ਹਨ। 2020 ਵਿਚ 4,968 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਦੀ ਰਿਪੋਰਟ ਕਰ ਕੇ, ਕੇਰਲ ਚੌਥੇ ਸਥਾਨ ’ਤੇ ਹੈ। ਪੂਰੇ ਭਾਰਤ ਵਿਚ 59,806 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਸਾਹਮਣੇ ਆਏ।  57,600 ਮਾਮਲੇ ਰਾਜਾਂ ’ਚੋਂ ਅਤੇ 2,206 ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ।

ਅੱਠ ਕੇਂਦਰ ਸ਼ਾਸਤ ਪ੍ਰਦੇਸਾਂ ਵਿਚੋਂ ਇਕੱਲੇ ਜੰਮੂ ਅਤੇ ਕਸ਼ਮੀਰ ਵਿਚ 1,222 ਮਾਮਲੇ ਸਾਹਮਣੇ ਆਏ, ਜੋ ਕਿ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਕੁਲ ਮਾਮਲਿਆਂ ਦਾ 55 ਪ੍ਰਤੀਸ਼ਤ ਤੋਂ ਵੱਧ ਹਨ। ਭਾਰਤ ਦੇ 19 ਮਹਾਨਗਰਾਂ ਵਿਚੋਂ ਮੁੰਬਈ ’ਚ 2020 ਵਿਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸ (ਐਨਡੀਪੀਐਸ) ਐਕਟ ਦੇ ਤਹਿਤ ਦਰਜ ਕੀਤੇ ਗਏ ਸੱਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਉਤਰ ਪ੍ਰਦੇਸ਼ ਰਾਜਾਂ ਵਿਚ ਚਾਰਟ ’ਚ ਸਿਖ਼ਰ ’ਤੇ ਹੈ, ਅਧਿਕਾਰਤ ਅੰਕੜੇ ਦਿਖਾਉਂਦੇ ਹਨ।

ਮੁੰਬਈ ਨੇ ‘ਭਾਰਤ ਵਿਚ ਅਪਰਾਧ 2020’ ਦੇ ਅਨੁਸਾਰ 2020 ਵਿਚ ਐਨਡੀਪੀਐਸ ਐਕਟ ਦੇ ਤਹਿਤ 3,509 ਕੇਸ ਜਾਂ ਘਟਨਾਵਾਂ ਦਰਜ ਕੀਤੀਆਂ। ਇਸ ਤੋਂ ਬਾਅਦ ਸ਼ਹਿਰ ਬੈਂਗਲੁਰੂ (2,766 ਮਾਮਲੇ) ਅਤੇ ਇੰਦੌਰ (998 ਮਾਮਲੇ) ਦਾ ਨੰਬਰ ਆਉਂਦਾ ਹੈ। 700 ਤੋਂ ਵੱਧ ਮਾਮਲਿਆਂ ਦੇ ਨਾਲ, ਦਿੱਲੀ ਅਤੇ ਕੋਚੀ ਚੋਟੀ ਦੇ ਪੰਜ ਸ਼ਹਿਰਾਂ ਵਿਚ ਸ਼ਾਮਲ ਹਨ।

ਕੇਸਾਂ ਦਾ ਵੱਡਾ ਹਿੱਸਾ 85 ਪ੍ਰਤੀਸ਼ਤ ਤੋਂ ਵੱਧ ਚੋਟੀ ਦੇ ਪੰਜ ਸ਼ਹਿਰਾਂ ਵਿਚ ਨਿਜੀ ਵਰਤੋਂ ਜਾਂ ਖਪਤ ਲਈ ਸਨ, ਦਿੱਲੀ ਨੂੰ ਛੱਡ ਕੇ ਜਿਥੇ ਸਿਰਫ਼ 60 ਪ੍ਰਤੀਸ਼ਤ ਕੇਸ ਨਿਜੀ ਵਰਤੋਂ ਨਾਲ ਸਬੰਧਤ ਸਨ। ਇਸ ਦੇ ਉਲਟ, ਚੇਨਈ ਨੇ ਐਕਟ ਦੇ ਤਹਿਤ 537 ਮਾਮਲੇ ਦਰਜ ਕੀਤੇ - ਸਾਰੇ ਤਸਕਰੀ ਨਾਲ ਸਬੰਧਤ ਹਨ। ਕਾਨਪੁਰ (312 ਕੇਸ) ਅਤੇ ਕੋਲਕਾਤਾ (72 ਕੇਸ) ਵਿਚ, ਤਸਵੀਰ ਵੱਖਰੀ ਨਹੀਂ ਸੀ ਕਿਉਂਕਿ ਸਾਰੇ ਕੇਸ ਤਸਕਰੀ ਨਾਲ ਸਬੰਧਤ ਸਨ ਅਤੇ ਕੋਈ ਵੀ ਨਿਜੀ ਵਰਤੋਂ ਜਾਂ ਖਪਤ ਨਾਲ ਸਬੰਧਤ ਨਹੀਂ ਸੀ।