ਸ਼ਰੀਕੇਬਾਜ਼ੀ ਦੀ ਜ਼ਿੱਦ 'ਚ ਵਧਿਆ ਝਗੜਾ, ਗੁਆਂਢੀ ਨੇ ਔਰਤ ਅਤੇ ਉਸ ਦੀ ਧੀ 'ਤੇ ਚਲਾ ਦਿੱਤੀ ਗੋਲ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਦੇ ਸ਼ਰੀਕੇ ’ਚੋਂ ਦੋਹਤਾ ਲੱਗਦਾ ਹਰਪਾਲ ਸਿੰਘ ਜੋ ਕਿ ਉਨ੍ਹਾਂ ਦਾ ਪਿੰਡ 'ਚ ਗੁਆਂਢੀ ਹੈ, ਉਹ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਨਾਲ ਝਗੜਾ ਕਰਦਾ ਆ ਰਿਹਾ ਹੈ। 

neighbor shot at woman and her daughter

 

ਖਾਲੜਾ - ਕਸਬਾ ਖਾਲੜਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਨਾਰਲਾ ਵਿਖੇ ਗੁਆਂਢ ਰਹਿੰਦੇ ਵਿਅਕਤੀ ਵੱਲੋਂ ਗੋਲ਼ੀ ਮਾਰ ਕੇ ਕੈਨੇਡਾ ਤੋਂ ਆਈ ਕੁੜੀ ਅਤੇ ਉਸ ਦੀ ਮਾਤਾ ਨੂੰ ਜ਼ਖ਼ਮੀ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਹਸਪਤਾਲ ’ਚ ਦਾਖ਼ਲ ਜ਼ੇਰੇ ਇਲਾਜ ਜ਼ਖ਼ਮੀ ਅਮਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ’ਚ ਰਹਿੰਦਾ ਹੈ, ਜਦਕਿ ਉਹ ਤੇ ਉਸ ਦਾ ਲੜਕਾ ਪਿੰਡ ਨਾਰਲਾ ਵਿਖੇ ਰਹਿੰਦੇ ਹਾਂ । ਕੁਝ ਸਮੇਂ ਤੋਂ ਉਸ ਦੀ ਕੈਨੇਡਾ ਰਹਿੰਦੀ ਲੜਕੀ ਪਰਿਵਾਰ ਨੂੰ ਮਿਲਣ ਵਾਸਤੇ ਆਈ ਹੋਈ ਹੈ। 

ਅਮਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸ਼ਰੀਕੇ ’ਚੋਂ ਦੋਹਤਾ ਲੱਗਦਾ ਹਰਪਾਲ ਸਿੰਘ ਜੋ ਕਿ ਉਨ੍ਹਾਂ ਦਾ ਪਿੰਡ 'ਚ ਗੁਆਂਢੀ ਹੈ, ਉਹ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਨਾਲ ਝਗੜਾ ਕਰਦਾ ਆ ਰਿਹਾ ਹੈ। ਵੀਰਵਾਰ 27 ਅਕਤੂਬਰ ਦੇ ਦਿਨ ਹਰਪਾਲ ਸਿੰਘ ਨੇ ਆਪਣੀ ਪਤਨੀ ਸਮੇਤ ਰੂੜੀ 'ਤੇ ਕੂੜਾ ਸੁੱਟਣ ਨੂੰ ਲੈ ਕੇ ਅਮਰਜੀਤ ਕੌਰ ਦੇ ਪਰਿਵਾਰ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਗਾਲੀ-ਗਲੋਚ ਕਰਨ ਲੱਗਿਆ। ਅਮਰਜੀਤ ਕੌਰ ਦੀ ਧੀ ਨੇ ਪੁਲਿਸ ਹੈਲਪਲਾਈਨ ’ਤੇ ਕਾਲ ਕੀਤੀ ਗਈ ਤਾਂ ਹਰਪਾਲ ਸਿੰਘ ਉੱਥੇ ਪਹੁੰਚੇ ਪੁਲਿਸ ਮੁਲਾਜ਼ਮਾਂ ਨਾਲ ਵੀ ਉਲਝਣ ਲੱਗ ਪਿਆ। 

ਹਰਪਾਲ ਸਿੰਘ ਨੇ ਅਮਰਜੀਤ ਕੌਰ ਨੂੰ ਧਮਕੀ ਦਿੱਤੀ ਕਿ ਉਹ ਉਸ ਦੀ ਧੀ ਨੂੰ ਕੈਨੇਡਾ ਵਾਪਸ ਨਹੀਂ ਜਾਣ ਦੇਵੇਗਾ। ਇਸੇ ਦੌਰਾਨ ਹਰਪਾਲ ਨੇ ਗੋਲ਼ੀ ਚਲਾ ਦਿੱਤੀ, ਜਿਸ ਦੇ ਛਰ੍ਹੇ ਦੀ ਮਾਰ ਹੇਠ ਆਉਣ ਕਰਕੇ ਅਮਰਜੀਤ ਕੌਰ ਤੇ ਉਸ ਦੀ ਧੀ ਜ਼ਖ਼ਮੀ ਹੋ ਗਈਆਂ।  ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਅਮਰਜੀਤ ਕੌਰ ਦੀ ਧੀ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ।

ਅਮਰਜੀਤ ਕੌਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੋਲ਼ੀ ਚਲਾਉਣ ਵਾਲੇ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ, ਉਸ ਦਾ ਲਾਇਸੈਂਸ ਰੱਦ ਕਰ ਕੇ ਉਸ ਵਿਰੁੱਧ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਖਾਲੜਾ ਤੋਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਕਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।