ਭਾਰਤੀ ਰਿਜ਼ਰਵ ਬੈਂਕ ਨੇ ਮੰਗੇ 10 ਅੱਤਵਾਦੀਆਂ ਦੇ ਖਾਤਿਆਂ ਦੇ ਵੇਰਵੇ
RBI ਨੇ ਮੰਗੇ ਅੱਤਵਾਦੀਆਂ ਦੇ ਖਾਤਿਆਂ ਦੇ ਵੇਰਵੇ, ਅੱਤਵਾਦੀਆਂ ਨੂੰ ਵਿੱਤੀ ਸੱਟ ਮਾਰਨ ਦੀ ਤਿਆਰੀ?
ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਨੂੰ ਉਨ੍ਹਾਂ 10 ਵਿਅਕਤੀਆਂ ਦੇ ਖਾਤਿਆਂ ਬਾਰੇ ਸਰਕਾਰ ਨੂੰ ਵੇਰਵੇ ਦੇਣ ਲਈ ਕਿਹਾ ਹੈ, ਜਿਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅੱਤਵਾਦੀ ਐਲਾਨਿਆ ਗਿਆ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ 4 ਅਕਤੂਬਰ ਨੂੰ ਹਿਜਬੁਲ ਮੁਜਾਹਿਦੀਨ (ਐਚਐਮ), ਲਸ਼ਕਰ-ਏ-ਤੋਇਬਾ (ਐਲਈਟੀ) ਅਤੇ ਹੋਰ ਪਾਬੰਦੀਸ਼ੁਦਾ ਸੰਗਠਨਾਂ ਦੇ ਕੁੱਲ 10 ਮੈਂਬਰਾਂ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ।
ਐਲਾਨੇ ਗਏ ਅੱਤਵਾਦੀਆਂ 'ਚ ਹਬੀਬੁੱਲਾ ਮਲਿਕ ਉਰਫ਼ ਸਾਜਿਦ ਜੱਟ (ਪਾਕਿਸਤਾਨੀ ਨਾਗਰਿਕ), ਬਾਸਿਤ ਅਹਿਮਦ ਰੇਸ਼ੀ (ਵਾਸੀ ਬਾਰਾਮੂਲਾ, ਜੰਮੂ-ਕਸ਼ਮੀਰ ਅਤੇ ਮੌਜੂਦਾ ਸਮੇਂ 'ਚ ਪਾਕਿਸਤਾਨ 'ਚ ਰਹਿ ਰਿਹਾ), ਇਮਤਿਆਜ਼ ਅਹਿਮਦ ਕੰਡੂ ਉਰਫ਼ ਸੱਜਾਦ, (ਜੰਮੂ-ਕਸ਼ਮੀਰ ਦੇ ਸੋਪੋਰ ਦਾ ਨਿਵਾਸੀ ਅਤੇ ਮੌਜੂਦਾ ਸਮੇਂ ਪਾਕਿਸਤਾਨ 'ਚ), ਜ਼ਫਰ ਇਕਬਾਲ ਉਰਫ਼ ਸਲੀਮ (ਵਾਸੀ ਪੁੰਛ ਅਤੇ ਮੌਜੂਦਾ ਸਮੇਂ ਪਾਕਿਸਤਾਨ 'ਚ) ਅਤੇ ਸ਼ੇਖ ਜਮੀਲ-ਉਰ-ਰਹਿਮਾਨ ਉਰਫ਼ ਸ਼ੇਖ ਸਾਹਬ (ਨਿਵਾਸੀ ਪੁਲਵਾਮਾ) ਸ਼ਾਮਲ ਹਨ।
ਆਰ.ਬੀ.ਆਈ. ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, "ਵਿਨਿਯਮਿਤ ਇਕਾਈਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜ਼ਰੂਰੀ ਪਾਲਣਾ ਅਧੀਨ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਉਪਰੋਕਤ ਨੋਟੀਫਿਕੇਸ਼ਨਾਂ ਨੂੰ ਧਿਆਨ ਵਿੱਚ ਰੱਖਣ।" ਇਹਨਾਂ ਇਕਾਈਆਂ ਵਿੱਚ ਬੈਂਕ, ਆਲ ਇੰਡੀਆ ਵਿੱਤੀ ਸੰਸਥਾਵਾਂ (ਐਗਜ਼ਿਮ ਬੈਂਕ, NABARD, NHB, SIDBI ਅਤੇ NABFID) ਅਤੇ NBFC ਸ਼ਾਮਲ ਹਨ।