Gurugram News: 1.87 ਲੱਖ ਰੁਪਏ ਦੀ ਨਕਲੀ ਕਰੰਸੀ ਨਾਲ ਇੱਕ ਵਿਅਕਤੀ ਗਿਰਫ਼ਤਾਰ
ਕਮਿਸ਼ਨ ਦੇ ਆਧਾਰ 'ਤੇ ਇਨ੍ਹਾਂ ਨਕਲੀ ਨੋਟਾਂ ਦੀ ਸਪਲਾਈ ਕਰਦਾ ਸੀ
ਗੁਰੂਗ੍ਰਾਮ: ਗੁਰੂਗ੍ਰਾਮ ਪੁਲਿਸ ਨੇ 1.87 ਲੱਖ ਰੁਪਏ ਦੀ ਨਕਲੀ ਕਰੰਸੀ ਨਾਲ ਇਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਸੁਭਾਸ਼ ਬੋਕੇਨ ਨੇ ਦਸਿਆ ਕਿ ਇਕ ਖੁਫੀਆਂ ਜਾਣਕਾਰੀ 'ਤੇ ਕਾਰਵਾਈ ਕਰਦਿਆਂ, ਗੁਰੂਗ੍ਰਾਮ ਪੁਲਿਸ ਨੇ ਰਾਜੀਵ ਚੌਕ ਪਾਰਕਿੰਗ ਲਾਟ ਤੋਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਿਸਦੀ ਪਛਾਣ ਸਲੀਮ ਉਰਫ਼ ਮਟਕਾ ਵਾਸੀ ਨੂਹ ਜ਼ਿਲ੍ਹਾ ਹਰਿਆਣਾ ਵਜੋਂ ਹੋਈ ਹੈ।
ਮੁਲਜ਼ਮ ਦੇ ਕਬਜ਼ੇ ਵਿੱਚੋਂ 500 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਦੇ ਨੋਟਾਂ ਵਾਲਾ ਇੱਕ ਬੈਗ ਵੀ ਬਰਾਮਦ ਹੋਇਆ ਹੈ। ਮੁਲਜ਼ਮ ਕਿਸੇ ਨੂੰ ਐਫ ਆਈ ਸੀ ਐਨ (FICN) ਦੇਣ ਲਈ ਗੁਰੂਗ੍ਰਾਮ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਮਿਸ਼ਨ ਦੇ ਆਧਾਰ 'ਤੇ ਇਨ੍ਹਾਂ ਨਕਲੀ ਨੋਟਾਂ ਦੀ ਸਪਲਾਈ ਕਰਦਾ ਸੀ। ਮੁਲਜ਼ਮ ਪਹਿਲਾਂ ਵੀ ਇਹ ਨਕਲੀ ਨੋਟ ਗੁਰੂਗ੍ਰਾਮ ਅਤੇ ਹੋਰ ਇਲਾਕਿਆਂ ਵਿੱਚ ਸਪਲਾਈ ਕਰ ਚੁੱਕਾ ਸੀ। ਮੁਲਜ਼ਮ ਦੇ ਪੁਲਿਸ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਦੋਸ਼ੀ ਦੇ ਖਿਲਾਫ਼ ਗੁਰੂਗ੍ਰਾਮ ਦੇ ਸ਼ਿਵਾਜੀ ਪੁਲਿਸ ਸਟੇਸ਼ਨ 'ਚ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।