ਹੁਣ ਹੋਟਲਾਂ ’ਚ ਬੰਬ ਧਮਾਕੇ ਦੀਆਂ ਧਮਕੀ ਮਿਲਣੀਆਂ ਹੋਈਆਂ ਸ਼ੁਰੂ
ਰਾਜਕੋਟ ਤੋਂ ਬਾਅਦ ਲਖਨਊ ਦੇ 10 ਪ੍ਰਮੁੱਖ ਹੋਟਲਾਂ ’ਚ ਵੀ ਬੰਬ ਹੋਣ ਦੀ ਧਮਕੀ ਦਿਤੀ ਗਈ
ਲਖਨਊ : ਦੇਸ਼ ਭਰ ’ਚ ਹਵਾਈ ਉਡਾਣਾਂ ’ਚ ਕਈ ਦਿਨਾਂ ਤੋਂ ਬੰਬ ਹੋਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੋਣ ਵਿਚਕਾਰ ਹੁਣ ਹੋਟਲਾਂ ’ਚ ਵੀ ਬੰਬ ਹੋਣ ਦੀ ਫ਼ਰਜ਼ੀ ਧਮਕੀ ਮਿਲਣਾ ਸ਼ੁਰੂ ਹੋ ਗਿਆ ਹੈ।
ਕਲ ਗੁਜਰਾਤ ਦੇ ਰਾਜਕੋਟ ਸ਼ਹਿਰ ’ਚ 10 ਹੋਟਲਾਂ ਅੰਦਰ ਬੰਬ ਹੋਣ ਦੀ ਫ਼ਰਜ਼ੀ ਧਮਕੀ ਦਿਤੀ ਗਈ ਸੀ, ਜਦਕਿ ਅੱਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਘੱਟੋ-ਘੱਟ 10 ਪ੍ਰਮੁੱਖ ਹੋਟਲਾਂ ਨੂੰ ਐਤਵਾਰ ਨੂੰ ਇਕ ਈ-ਮੇਲ ਮਿਲਿਆ, ਜਿਸ ’ਚ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਸੂਤਰਾਂ ਮੁਤਾਬਕ ਅਣਪਛਾਤੇ ਲੋਕਾਂ ਨੇ ਈ-ਮੇਲ ’ਚ ਧਮਕੀ ਦਿਤੀ ਕਿ ਜੇਕਰ 55,000 ਅਮਰੀਕੀ ਡਾਲਰ ਦੀ ਫਿਰੌਤੀ ਦੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਇਨ੍ਹਾਂ ਹੋਟਲਾਂ ਨੂੰ ਉਡਾ ਦਿਤਾ ਜਾਵੇਗਾ।
ਬੰਬ ਦੀ ਧਮਕੀ ਭਰੇ ਈ-ਮੇਲ ’ਚ ਲਿਖਿਆ ਹੈ, ‘‘ਤੁਹਾਡੇ ਹੋਟਲ ਦੇ ਕੰਪਲੈਕਸ ’ਚ ਕਾਲੇ ਬੈਗਾਂ ’ਚ ਬੰਬ ਲੁਕਾਏ ਗਏ ਹਨ। ਮੈਨੂੰ 55,000 ਡਾਲਰ ਚਾਹੀਦੇ ਹਨ ਨਹੀਂ ਤਾਂ ਮੈਂ ਧਮਾਕਾ ਕਰ ਦੇਵਾਂਗਾ। ਖੂਨ ਚਾਰੇ ਪਾਸੇ ਫੈਲ ਜਾਵੇਗਾ। ਬੰਬਾਂ ਨੂੰ ਬੇਅਸਰ ਕਰਨ ਦੀ ਕੋਈ ਵੀ ਕੋਸ਼ਿਸ਼ ਸਫਲ ਨਹੀਂ ਹੋਵੇਗੀ।’’
ਇਕ ਹੋਟਲ ਦੇ ਮੈਨੇਜਰ ਬ੍ਰਜੇਸ਼ ਕੁਮਾਰ ਨੇ ਦਸਿਆ, ‘‘ਸਾਨੂੰ ਅੱਜ ਸਵੇਰੇ ਧਮਕੀ ਭਰੀ ਈਮੇਲ ਮਿਲੀ ਹੈ। ਸਾਵਧਾਨੀ ਦੇ ਤੌਰ ’ਤੇ , ਅਸੀਂ ਸਥਾਨਕ ਪੁਲਿਸ ਸਟੇਸ਼ਨ ਨੂੰ ਮਾਮਲੇ ਦੀ ਜਾਣਕਾਰੀ ਦਿਤੀ ਅਤੇ ਮਾਮਲੇ ਦੀ ਜਾਂਚ ਲਈ ਇਕ ਟੀਮ ਆਈ ਹੈ।’’
ਉਨ੍ਹਾਂ ਕਿਹਾ, ‘‘ਸਾਡੇ ਕੋਲ ਪਹਿਲਾਂ ਹੀ ਸਾਰੇ ਮਹਿਮਾਨਾਂ ਅਤੇ ਉਨ੍ਹਾਂ ਦੇ ਸਾਮਾਨ ਦੀ ਸਕੈਨਿੰਗ ਕਰਨ ਦਾ ਪ੍ਰਬੰਧ ਹੈ। ਫਿਰ ਵੀ, ਸਾਵਧਾਨੀ ਵਜੋਂ, ਅਸੀਂ ਹੋਟਲ ਦੀ ਜਾਂਚ ਕਰਨ ’ਚ ਪੁਲਿਸ ਦੀ ਮਦਦ ਕਰ ਰਹੇ ਹਾਂ।’’ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।