ਸਿਰਸਾ ਵਲੋਂ ਯੋਗੀ ਨੂੰ ਯੂ.ਪੀ. ਸਕੂਲਾਂ 'ਚ ਪੰਜਾਬੀ ਨੂੰ ਤੀਜੀ ਭਾਸ਼ਾ ਵਜੋਂ ਲਾਗੂ ਕਰਨ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਉਤਰ ਪ੍ਰਦੇਸ਼ (ਯੂ.ਪੀ.) ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੂੰ ਅਪੀਲ ਕੀਤੀ ਹੈ

Manjinder Singh Sirsa

ਨਵੀਂ ਦਿੱਲੀ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਉਤਰ ਪ੍ਰਦੇਸ਼ (ਯੂ.ਪੀ.) ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਦੇ ਸਕੂਲਾਂ ਦੇ ਵਿਦਿਆਰਥੀਆਂ ਵਾਸਤੇ ਪੰਜਾਬੀ ਨੂੰ ਤੀਜੀ ਭਾਸ਼ਾ ਵਜੋਂ ਲੈਣ ਦੇ ਵਿਕਲਪ ਨੂੰ ਲਾਗੂ ਕਰਨ। ਸ. ਸਿਰਸਾ ਨੇ ਮੁੱਖ ਮੰਤਰੀ ਯੋਗੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸਿੱਖ ਇਕ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਯੂ.ਪੀ. ਦੇ ਸਿੱਖਾਂ ਨੂੰ ਇਹ ਮੁਸ਼ਕਲ ਆ ਰਹੀ ਹੈ ਕਿ ਸਕੂਲਾਂ 'ਚ ਉਹ ਪੰਜਾਬੀ ਨੂੰ ਤੀਜੀ ਭਾਸ਼ਾ ਵਜੋਂ ਨਹੀਂ ਲੈ ਪਾ ਰਹੇ ਕਿਉਂਕਿ ਅਜਿਹਾ ਕੋਈ ਹੁਕਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਬੱਚੇ ਗੁਰਬਾਣੀ ਪੜ੍ਹਨਾ ਚਾਹੁੰਦੇ ਹਨ ਤੇ ਇਸ ਵਾਸਤੇ ਪੰਜਾਬੀ ਭਾਸ਼ਾ ਦੀ ਬੁਨਿਆਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਪਰ ਸੂਬੇ ਦੇ ਸਾਰੇ ਹੀ ਸਕੂਲਾਂ ਵਿਚ ਸੰਸਕ੍ਰਿਤ ਨੂੰ ਤੀਜੀ ਭਾਸ਼ਾ ਵਜੋਂ ਪੜ੍ਹਾਇਆ ਜਾ ਰਿਹਾ ਹੈ ਜਦਕਿ ਪੰਜਾਬੀ ਭਾਸ਼ਾ ਲਈ ਕੋਈ ਵਿਕਲਪ ਨਹੀਂ ਦਿਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਸਿੱਖ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਅਤੇ ਵਿਦਿਅਕ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀ ਕੀਤੀ ਪਰ ਕੋਈ ਠੋਸ ਕਦਮ ਨਹੀਂ ਚੁਕਿਆ ਜਾ ਸਕਿਆ। ਦਿੱਲੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਵੱਡੇ ਸਾਈਜ਼ ਦੇ ਮੱਦੇਨਜ਼ਰ ਸਾਡਾ ਇਹ ਸੁਝਾਅ ਹੈ ਕਿ ਇਹ ਤਜਵੀਜ਼ ਜ਼ਿਲ੍ਹਾ ਵਾਰ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਉਨ੍ਹਾਂ ਜ਼ਿਲਿਆਂ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ ਜਿਥੇ ਸਿੱਖਾਂ ਦੀ ਸੰਘਣੀ ਵਸੋਂ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਪ੍ਰਾਈਵੇਟ ਸਕੂਲਾਂ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।