ਮੇਧਾ ਪਾਟਕਰ ਨੂੰ ਉੱਤਰ ਪ੍ਰਦੇਸ਼ ਦੀ ਸੀਮਾ ਤੇ ਰੋਕਿਆ, ਮੁੰਬਈ-ਆਗਰਾ ਹਾਈਵੇਅ ’ਤੇ ਆਵਾਜਾਈ ਠੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਤੋਂ ਦਿੱਲੀ ਜਾ ਰਹੇ ਸਮਾਜਕ ਕਾਰਕੁਨ ਮੇਧਾ ਪਾਟਕਰ ਆਪਣੇ 400 ਸਮਰਥਕਾਂ ਨਾਲ ਹਾਲੇ ਵੀ ਰਾਜਸਥਾਨ ਦੀ ਸੀਮਾ 'ਤੇ

Medha Patkar

ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਵੱਲ ਕਿਸਾਨ ਕੂਚ ਕਰ ਰਹੇ ਹਨ। ਇਸ ਦੌਰਾਨ ਦਿੱਲੀ ਵਿੱਚ ਹੋਣ ਵਾਲੇ ਰੋਸ-ਮੁਜ਼ਾਹਰੇ ਵਿੱਚ ਹਿੱਸਾ ਲੈਣ ਜਾ ਰਹੇ ਸਮਾਜਕ ਕਾਰਕੁਨ ਮੇਧਾ ਪਾਟਕਰ ਨੂੰ ਬੀਤੇ ਦਿਨੀ ਉੱਤਰ ਪ੍ਰਦੇਸ਼ ਦੀ ਸੀਮਾ ’ਚ ਜਾਣ ਤੋਂ ਰੋਕ ਦਿੱਤਾ ਗਿਆ। ਪਾਟਕਰ ਤੇ ਉਨ੍ਹਾਂ ਦੇ ਸਮਰਥਕ ਮੁੰਬਈ-ਆਗਰਾ ਰਾਸ਼ਟਰੀ ਰਾਜਮਾਰਗ ਉੱਤੇ ਬੈਠ ਗਏ, ਜਿਸ ਨਾਲ ਆਵਾਜਾਈ ਠੱਪ ਹੋ ਗਈ।

ਇਸ ਦੇ ਚਲਦੇ ਰਾਜਸਥਾਨ ਦੇ ਜ਼ਿਲ੍ਹੇ ਧੌਲਪੁਰ ਦੇ ਕੁਲੈਕਟਰ ਆਰਕੇ ਜੈਸਵਾਲ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਦਿੱਲੀ ਜਾ ਰਹੇ ਸਮਾਜਕ ਕਾਰਕੁਨ ਮੇਧਾ ਪਾਟਕਰ ਆਪਣੇ 400 ਸਮਰਥਕਾਂ ਨਾਲ ਹਾਲੇ ਵੀ ਰਾਜਸਥਾਨ ਦੀ ਸੀਮਾ ਉੱਤੇ ਬਰੇਠਾ ਚੌਕੀ ਕੋਲ ਆਗਰਾ-ਮੁੰਬਈ ਰਾਸ਼ਟਰੀ ਰਾਜ ਮਾਰਗ ਉੱਤੇ ਬੈਠੇ ਹਨ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ’ਚ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।

ਇਸ ਤੋਂ ਪਹਿਲਾਂ ਰਾਸ਼ਟਰੀ ਰਾਜ ਮਾਰਗ ਉੱਤੇ ਕਿਸਾਨਾਂ ਵੱਲੋਂ ਧਰਨਾ ਤੇ ਪ੍ਰਦਰਸ਼ਨ ਕੀਤੇ ਜਾਣ ਨਾਲ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਦੇਰ ਸ਼ਾਮ ਤੱਕ ਧੌਲਪੁਰ ਦੇ ਕੁਲੈਕੈਟਰ ਤੇ ਐਸਪੀ ਮੌਕੇ ਉੱਤੇ ਮੌਜੂਦ ਸਨ ਤੇ ਮੇਧਾ ਪਾਟਕਰ ਨਾਲ ਗੱਲਬਾਤ ਚੱਲ ਰਹੀ ਸੀ। ਅਜਿਹੇ ਮੌਕੇ ਆਗਰਾ ਦੇ ਸੀਨੀਅਰ ਪੁਲਿਸ ਕਪਤਾਨ ਬਬਲੂ ਕੁਮਾਰ ਨੇ ਕਿਹਾ ਮੇਧਾ ਪਾਟਕਰ ਨੂੰ ਸੁਰੱਖਿਆ ਕਾਰਣਾਂ ਕਰ ਕੇ ਰੋਕਿਆ ਗਿਆ ਹੈ।