ਸਰਕਾਰੀ ਹਸਪਤਾਲ 'ਚ ਲੜਕੀ ਦੀ ਲਾਸ਼ ਨੂੰ ਕੁੱਤੇ ਨੇ ਕੀਤਾ ਵੱਢ-ਟੁੱਕ,ਵੇਖੋ ਦਿਲ-ਦਹਿਲਾਉਣ ਵਾਲੀ ਵੀਡੀਓ
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ।
ਨਵੀਂ ਦਿੱਲੀ : ਦੇਸ਼ 'ਚ ਰੋਜਾਨਾ ਦਰਦਨਾਕ ਵੀਡੀਓ ਖੂਬ ਵਾਇਰਲ ਹੁੰਦੀਆਂ ਹਨ। ਅੱਜ ਉੱਤਰ ਪ੍ਰਦੇਸ਼ ਦੇ ਸੰਭਲ ਤੋਂ ਇਕ ਅਨੋਖੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਉਸ ਵੀਡੀਓ ਵਿੱਚ ਇੱਕ ਸਰਕਾਰੀ ਹਸਪਤਾਲ ਦੇ ਸਟ੍ਰੈਚਰ ਉੱਤੇ ਰੱਖੀ ਲੜਕੀ ਦੀ ਲਾਸ਼ ਨੂੰ ਕੁੱਤਾ ਵੱਢ-ਟੁੱਕ ਰਿਹਾ ਹੈ। 20 ਸੈਕੰਡ ਦਾ ਇਹ ਵੀਡੀਓ ਇਨਸਾਨ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੰਦਾ ਹੈ। ਚਿੱਟੀ ਚਾਦਰ ਨਾਲ ਢੱਕੀ ਹੋਈ ਲਾਸ਼ ਨੂੰ ਇੱਕ ਅਵਾਰਾ ਕੁੱਤਾ ਵੱਢ-ਟੁੱਕ ਰਿਹਾ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ।
ਸੀਐਮਓ ਨੇ ਵਾਰਡ ਬੁਆਏ ਅਤੇ ਸਵੀਪਰ ਨੂੰ ਮੁਅੱਤਲ ਕਰ ਦਿੱਤਾ ਹੈ। ਡਿਊਟੀ 'ਤੇ ਮੌਜੂਦ ਡਾਕਟਰਾਂ ਅਤੇ ਫਾਰਮਾਸਿਸਟਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਮਾਮਲੇ ਦੀ ਜਾਂਚ ਲਈ ਦੋ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ।
ਦੱਸ ਦੇਈਏ ਬੀਤੇ ਦਿਨੀ ਇਸ ਲੜਕੀ ਦੀ ਭਿਆਨਕ ਹਾਦਸੇ 'ਚ ਉਹ ਬੁਰੀ ਤਰ੍ਹਾਂ ਜਖ਼ਮੀ ਸੀ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਸੀ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਲੜਕੀ ਦੀ ਮੌਤ ਹਸਪਤਾਲ ਪੁੱਜ ਕੇ ਇਲਾਜ ਦੌਰਾਨ ਹੋਈ ਹੈ ਜਾਂ ਉਸ ਤੋਂ ਪਹਿਲਾਂ। ਇਸ ਦੌਰਾਨ ਮ੍ਰਿਤਕ ਲੜਕੀ ਦੇ ਪਿਤਾ ਚਰਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਧੀ ਨੂੰ ਹਸਪਤਾਲ ਲਿਆਏ, ਤਾਂ ਡੇਢ ਘੰਟੇ ਤੱਕ ਵੀ ਕਿਸੇ ਨੇ ਇਲਾਜ ਹੀ ਸ਼ੁਰੂ ਨਹੀਂ ਕੀਤਾ ਸੀ।
ਇਹ ਵੀਡੀਓ ਸਮਾਜਵਾਦੀ ਪਾਰਟੀ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਸੁਆਲ ਕਰਦਿਆਂ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਹੈ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਗਰ ਪ੍ਰਸ਼ਾਸਨ ਨੂੰ ਕਈ ਵਾਰ ਅਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਲਿਖਤੀ ਸ਼ਿਕਾਇਤ ਕੀਤੀ ਹੈ ਪਰ ਕੋਈ ਹੱਲ ਨਹੀਂ ਕੀਤਾ ਗਿਆ।