ਮਹਾਰਾਸ਼ਟਰ 'ਚ ਵਾਪਰਿਆ ਹਾਦਸਾ, ਅਚਾਨਕ ਢਹਿ ਗਿਆ ਰੇਲਵੇ ਪੁਲ, 2 ਦਰਜਨ ਤੋਂ ਵੱਧ ਜ਼ਖ਼ਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

60 ਫੁੱਟ ਦੀ ਉਚਾਈ ਤੋਂ ਰੇਲ ਪਟੜੀ 'ਤੇ ਡਿੱਗੇ ਲੋਕ, 20 ਜ਼ਖ਼ਮੀ, 8 ਦੀ ਹਾਲਤ ਗੰਭੀਰ

Overbridge Collapses in Maharashtra

ਮਹਾਰਾਸ਼ਟਰ: ਮਹਾਰਾਸ਼ਟਰ ਦੇ ਚੰਦਰਪੁਰ 'ਚ ਬੱਲਾਰਸ਼ਾਹ ਰੇਲਵੇ ਸਟੇਸ਼ਨ 'ਤੇ ਫੁੱਟ ਓਵਰਬ੍ਰਿਜ ਦਾ ਇਕ ਹਿੱਸਾ ਐਤਵਾਰ ਨੂੰ ਢਹਿ ਗਿਆ। ਇਸ ਦੌਰਾਨ ਪੁਲ ਤੋਂ ਲੰਘ ਰਹੇ ਕੁਝ ਯਾਤਰੀ 60 ਫੁੱਟ ਦੀ ਉਚਾਈ ਤੋਂ ਸਿੱਧੇ ਰੇਲ ਪਟੜੀ 'ਤੇ ਜਾ ਡਿੱਗੇ। ਮੀਡੀਆ ਰਿਪੋਰਟਾਂ 'ਚ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚੋਂ 8 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰੇਲਵੇ ਨੇ 4 ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਇੱਕ ਸਮਾਚਾਰ ਏਜੰਸੀ ਨੇ 13 ਜ਼ਖਮੀਆਂ ਦੀ ਜਾਣਕਾਰੀ ਦਿੱਤੀ ਹੈ।

ਘਟਨਾ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ। ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨੇ ਜ਼ਖਮੀਆਂ ਨੂੰ ਟ੍ਰੈਕ ਤੋਂ ਚੁੱਕਿਆ। ਵੱਡੀ ਗੱਲ ਇਹ ਹੈ ਕਿ ਹਾਦਸੇ ਦੌਰਾਨ ਟ੍ਰੈਕ 'ਤੇ ਕੋਈ ਟਰੇਨ ਨਹੀਂ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ਨੇ ਤੁਰੰਤ ਇਸ ਪਲੇਟਫਾਰਮ 'ਤੇ ਆਉਣ ਵਾਲੀਆਂ ਟਰੇਨਾਂ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ 'ਚ ਕਿਸੇ ਦੀ ਮੌਤ ਦੀ ਕੋਈ ਖਬਰ ਨਹੀਂ ਹੈ।

ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਸ਼ਿਵਾਜੀ ਸੁਤਾਰ ਨੇ ਕਿਹਾ ਕਿ ਰੇਲਵੇ ਨੇ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ 1 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 50,000 ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।