Indore Students News: ਚੌਥੀ ਜਮਾਤ ਦੇ ਵਿਦਿਆਰਥੀ ਦਾ ਪੈਰ ਜਮਾਤੀਆਂ ਨੇ 108 ਵਾਰੀ ਪਰਕਾਰ ਮਾਰ ਕੇ ਛਾਨਣੀ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੀ ਹਿੰਸਕ ਦ੍ਰਿਸ਼ਾਂ ਵਾਲੇ ਵੀਡੀਉ ਗੇਮ ਕਾਰਨ ਬੱਚਿਆਂ ’ਚ ਹਿੰਸਕ ਵਤੀਰਾ ਵਧ ਰਿਹਾ ਹੈ? ਬਾਲ ਭਲਾਈ ਕਮੇਟੀ ਨੇ ਵਿੱਢੀ ਜਾਂਚ, ਪੁਲਿਸ ਤੋਂ ਵੀ ਮੰਗੀ ਰੀਪੋਰਟ

Indore Students News

Indore Students News: ਇੰਦੌਰ ਦੇ ਇਕ ਨਿੱਜੀ ਸਕੂਲ ’ਚ ਝਗੜੇ ਦੌਰਾਨ ਚੌਥੀ ਜਮਾਤ ਦੇ ਇਕ ਵਿਦਿਆਰਥੀ ਦਾ ਪੈਰ ਉਸ ਦੇ ਤਿੰਨ ਜਮਾਤੀਆਂ ਨੇ ਜਿਓਮੈਟਰੀ ਲਈ ਵਰਤੀ ਜਾਂਦੀ ‘ਪਰਕਾਰ’ ਨਾਲ ਕਥਿਤ ਤੌਰ ’ਤੇ 108 ਵਾਰ ਕਰ ਕੇ ਛਾਨਣੀ ਕਰ ਦਿਤਾ। ਇਸ ਘਟਨਾ ਦਾ ਨੋਟਿਸ ਲੈਂਦਿਆਂ ਬਾਲ ਭਲਾਈ ਕਮੇਟੀ (ਸੀ.ਡਬਲਿਊ.ਸੀ.) ਨੇ ਸੋਮਵਾਰ ਨੂੰ ਪੁਲਿਸ ਤੋਂ ਜਾਂਚ ਰੀਪੋਰਟ ਮੰਗੀ ਹੈ। ਸੀ.ਡਬਲਿਊ.ਸੀ. ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਸੀ.ਡਬਲਿਊ.ਸੀ. ਦੀ ਪ੍ਰਧਾਨ ਪੱਲਵੀ ਪੋਰਵਾਲ ਨੇ ਦਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ 24 ਨਵੰਬਰ ਨੂੰ ਏਅਰੋਡਰੰਮ ਥਾਣਾ ਖੇਤਰ ਦੇ ਇਕ ਨਿੱਜੀ ਸਕੂਲ ਵਿਚ ਝਗੜੇ ਦੌਰਾਨ ਚੌਥੀ ਜਮਾਤ ਦੇ ਵਿਦਿਆਰਥੀ ਦੇ ਪੈਰ ’ਤੇ ਉਸ ਦੇ ਜਮਾਤੀਆਂ ਨੇ ਕਥਿਤ ਤੌਰ ’ਤੇ 108 ਵਾਰੀ ਵਾਰ ਕੀਤਾ ਸੀ। ਉਨ੍ਹਾਂ ਕਿਹਾ, ‘‘ਇਹ ਮਾਮਲਾ ਹੈਰਾਨ ਕਰਨ ਵਾਲਾ ਹੈ। ਅਸੀਂ ਪੁਲਿਸ ਤੋਂ ਜਾਂਚ ਰੀਪੋਰਟ ਮੰਗੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇੰਨੇ ਛੋਟੇ ਬੱਚਿਆਂ ਦੇ ਇਸ ਹਿੰਸਕ ਵਿਵਹਾਰ ਦੇ ਪਿੱਛੇ ਕੀ ਕਾਰਨ ਹੈ।’’

ਪੋਰਵਾਲ ਨੇ ਕਿਹਾ ਕਿ ਸੀ.ਡਬਲਿਊ.ਸੀ. ਘਟਨਾ ’ਚ ਸ਼ਾਮਲ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕਾਊਂਸਲਿੰਗ ਕਰੇਗੀ ਅਤੇ ਇਹ ਪਤਾ ਲਗਾਏਗੀ ਕਿ ਕੀ ਬੱਚੇ ਹਿੰਸਕ ਦ੍ਰਿਸ਼ਾਂ ਨਾਲ ਵੀਡੀਉ ਗੇਮ ਖੇਡਦੇ ਹਨ?

ਪੀੜਤ ਬੱਚੇ ਦੇ ਪਿਤਾ ਨੇ ਦੋਸ਼ ਲਾਇਆ ਕਿ 24 ਨਵੰਬਰ ਨੂੰ ਦੁਪਹਿਰ 2 ਵਜੇ ਦੇ ਕਰੀਬ ਨਿੱਜੀ ਸਕੂਲ ’ਚ ਉਸ ਦੇ ਤਿੰਨ ਸਹਿਪਾਠੀਆਂ ਨੇ ਉਸ ਦੇ ਬੇਟੇ ’ਤੇ ਪਰਕਾਰ ਨਾਲ 108 ਵਾਰ ਹਮਲਾ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਉਸ ਦੇ ਸਰੀਰ ’ਤੇ ਨਿਸ਼ਾਨ ਬਣ ਗਏ। ਉਨ੍ਹਾਂ ਕਿਹਾ, ‘‘ਮੇਰਾ ਬੇਟਾ ਜਦੋਂ ਘਰ ਆਇਆ ਤਾਂ ਉਸ ਨੇ ਅਪਣੀ ਹੋਈ ਘਟਨਾ ਦੱਸੀ। ਮੈਨੂੰ ਅਜੇ ਵੀ ਨਹੀਂ ਪਤਾ ਕਿ ਮੇਰੇ ਬੇਟੇ ਨਾਲ ਉਸ ਦੇ ਜਮਾਤੀਆਂ ਨੇ ਇੰਨਾ ਹਿੰਸਕ ਵਿਹਾਰ ਕਿਉਂ ਕੀਤਾ। ਸਕੂਲ ਪ੍ਰਬੰਧਨ ਮੈਨੂੰ ਜਮਾਤ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਪ੍ਰਦਾਨ ਨਹੀਂ ਕਰ ਰਿਹਾ ਹੈ।’’ ਪੀੜਤ ਬੱਚੇ ਦੇ ਪਿਤਾ ਨੇ ਕਿਹਾ ਕਿ ਉਸ ਨੇ ਏਅਰੋਡਰੰਮ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।

ਸਹਾਇਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਵਿਵੇਕ ਸਿੰਘ ਚੌਹਾਨ ਨੇ ਦਸਿਆ ਕਿ ਸ਼ਿਕਾਇਤ ’ਤੇ ਪੀੜਤ ਬੱਚੇ ਦੀ ਡਾਕਟਰੀ ਜਾਂਚ ਕੀਤੀ ਗਈ ਹੈ। ਏ.ਸੀ.ਪੀ. ਨੇ ਕਿਹਾ ਕਿ ਘਟਨਾ ’ਚ ਸ਼ਾਮਲ ਸਾਰੇ ਬੱਚੇ 10 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਇਸ ਮਾਮਲੇ ’ਚ ਕਾਨੂੰਨੀ ਪ੍ਰਬੰਧਾਂ ਅਨੁਸਾਰ ਬਣਦੇ ਕਦਮ ਚੁੱਕੇ ਜਾ ਰਹੇ ਹਨ। 

 (For more news apart from Indore Students News, stay tuned to Rozana Spokesman)