ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਭਰ ਦੇ ਹਸਪਤਾਲਾਂ 'ਚ ਸ਼ੁਰੂ ਹੋਈ ਮੌਕਡ੍ਰਿਲ: ਕੇਂਦਰੀ ਸਿਹਤ ਮੰਤਰੀ ਨੇ ਲਿਆ ਜਾਇਜ਼ਾ
ਦਿੱਲੀ ਸਰਕਾਰ ਖਰੀਦੇਗੀ 104 ਕਰੋੜ ਰੁਪਏ ਦੀਆਂ ਦਵਾਈਆਂ
ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਦੇ ਵਧਦੇ ਖ਼ਤਰੇ ਦੇ ਵਿਚਕਾਰ, ਅੱਜ ਦੇਸ਼ ਭਰ ਵਿੱਚ ਕੋਵਿਡ ਸਿਹਤ ਕੇਂਦਰਾਂ ਵਿੱਚ ਮੌਕ ਡਰਿੱਲ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਸਫਦਰਜੰਗ ਹਸਪਤਾਲ ਦਾ ਦੌਰਾ ਕਰ ਕੇ ਮੌਕ ਡਰਿੱਲ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਆਕਸੀਜਨ ਸਪਲਾਈ ਅਤੇ ਵੈਂਟੀਲੇਟਰਾਂ ਲਈ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਕੋਰੋਨਾ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕ ਰਹੀ ਹੈ। ਦੇਸ਼ ਭਰ ਦੇ ਕੋਵਿਡ ਹਸਪਤਾਲਾਂ ਵਿੱਚ ਮੌਕ ਡਰਿੱਲ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਅਸੀਂ ਪ੍ਰਬੰਧਾਂ ਨੂੰ ਠੀਕ ਕਰ ਸਕੀਏ।
ਦੂਜੇ ਪਾਸੇ ਦਿੱਲੀ ਸਰਕਾਰ ਕੋਰੋਨਾ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਕਰ ਰਹੀ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਦਵਾਈਆਂ ਦੀ ਖਰੀਦ ਅਤੇ ਹੋਰ ਪ੍ਰਬੰਧਾਂ ਲਈ 104 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ।