University Grants Commission: ਐਮ.ਫਿਲ. ਮਾਨਤਾ ਪ੍ਰਾਪਤ ਡਿਗਰੀ ਨਹੀਂ : ਯੂ.ਜੀ.ਸੀ.
’ਵਰਸਿਟੀਆਂ ਨੂੰ ਅਕਾਦਮਿਕ ਸਾਲ 2023-24 ਲਈ ਕਿਸੇ ਵੀ ਐਮ.ਫਿਲ. ਪ੍ਰੋਗਰਾਮ ’ਚ ਦਾਖਲਾ ਤੁਰਤ ਬੰਦ ਕਰਨ ਲਈ ਕਿਹਾ ਗਿਆ
University Grants Commission:ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਬੁਧਵਾਰ ਨੂੰ ਯੂਨੀਵਰਸਿਟੀਆਂ ਨੂੰ ਐਮ.ਫਿਲ. ਕੋਰਸਾਂ ਦੀ ਪੇਸ਼ਕਸ਼ ਨਾ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਮਾਨਤਾ ਪ੍ਰਾਪਤ ਡਿਗਰੀਆਂ ਨਹੀਂ ਹਨ। ਇਸ ਨੇ ਵਿਦਿਆਰਥੀਆਂ ਨੂੰ ਅਜਿਹੇ ਕੋਰਸਾਂ ’ਚ ਦਾਖਲੇ ਵਿਰੁਧ ਵੀ ਚੇਤਾਵਨੀ ਦਿਤੀ।
ਕਮਿਸ਼ਨ ਦੇ ਸਕੱਤਰ ਮਨੀਸ਼ ਜੋਸ਼ੀ ਨੇ ਕਿਹਾ, ‘‘ਯੂ.ਜੀ.ਸੀ. ਦੇ ਧਿਆਨ ਵਿਚ ਆਇਆ ਹੈ ਕਿ ਕੁੱਝ ਯੂਨੀਵਰਸਿਟੀਆਂ ਐਮ.ਫਿਲ. (ਮਾਸਟਰ ਆਫ ਫਿਲਾਸਫੀ) ਲਈ ਨਵੀਆਂ ਅਰਜ਼ੀਆਂ ਮੰਗ ਰਹੀਆਂ ਹਨ। ਇਸ ਸਬੰਧ ’ਚ ਸਾਰਿਆਂ ਦੇ ਧਿਆਨ ’ਚ ਲਿਆਂਦਾ ਜਾ ਰਿਹਾ ਹੈ ਕਿ ਐਮਫਿਲ ਦੀ ਡਿਗਰੀ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਯੂ.ਜੀ.ਸੀ. (ਪੀ.ਐਚਡੀ. ਡਿਗਰੀ ਰੱਖਣ ਲਈ ਘੱਟੋ-ਘੱਟ ਯੋਗਤਾ ਅਤੇ ਪ੍ਰਕਿਰਿਆ) ਨਿਯਮ, 2022 ਦੇ ਨਿਯਮ ਨੰਬਰ 14 ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਉੱਚ ਵਿਦਿਅਕ ਸੰਸਥਾਵਾਂ ਕੋਈ ਐਮ.ਫਿਲ. ਪ੍ਰੋਗਰਾਮ ਦੀ ਪੇਸ਼ਕਸ਼ ਨਹੀਂ ਕਰਨਗੀਆਂ।’’
ਕਮਿਸ਼ਨ ਨੇ ਯੂਨੀਵਰਸਿਟੀਆਂ ਨੂੰ ਅਕਾਦਮਿਕ ਸਾਲ 2023-24 ਲਈ ਕਿਸੇ ਵੀ ਐਮ.ਫਿਲ. ਪ੍ਰੋਗਰਾਮ ’ਚ ਦਾਖਲਾ ਤੁਰਤ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਕਿਸੇ ਵੀ ਐਮ.ਫਿਲ. ਪ੍ਰੋਗਰਾਮ ’ਚ ਦਾਖਲਾ ਨਾ ਲੈਣ।
(For more Punjabi news apart from 'MPhil not recognised degree anymore, warns university panel, stay tuned to Rozana Spokesman)