ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਪਹਿਲਾਂ ਦਿਗਵਿਜੇ ਨੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਪ੍ਰਧਾਨ ਮੰਤਰੀ ਦੀ ਤਸਵੀਰ
ਕਾਂਗਰਸ ਹਾਈਕਮਾਨ ਦੀਆਂ ਮੁਸ਼ਕਲਾਂ ਵਧੀਆਂ
ਨਵੀਂ ਦਿੱਲੀ : ਸੋਨੀਆ ਗਾਂਧੀ ਦੇ ਦੌਰ ਵਾਲੀ ਕਾਂਗਰਸ ਵਿਚ ਤਾਕਤਵਰ ਰਹੇ ਦਿੱਗਵਿਜੈ ਸਿੰਘ ਨੇ ਖੁਲ੍ਹ ਕੇ ਆਰ.ਐਸ.ਐਸ. ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਗਠਨ ਦੀ ਤਾਰੀਫ਼ ਕੀਤੀ ਹੈ। ਇਸ ਤਾਰੀਫ਼ ਨਾਲ ਕਾਂਗਰਸ ਹਾਈਕਮਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਅਤੇ ਸਵਾਲ ਉਠ ਰਹੇ ਹਨ ਕਿ ਕੀ ਉਹ ਰਾਹੁਲ ਗਾਂਧੀ ਨੂੰ ਨਸੀਹਤ ਦੇ ਰਹੇ ਹਨ?
ਦਿੱਗਵਿਜੈ ਸਿੰਘ ਦੇ ‘ਐਕਸ’ ਹੈਂਡਲ ਤੋਂ ਪੋਸਟ ਜਾਰੀ ਕਰ ਕੇ ਲਿਖਿਆ ਗਿਆ ਹੈ ਕਿ ‘ਕੋਰਾ ਸਾਈਟ ਉਤੇ ਮੈਨੂੰ ਇਹ ਤਸਵੀਰ ਮਿਲੀ। ਬਹੁਤ ਹੀ ਅਸਰਦਾਰ ਹੈ। ਕਿਸ ਤਰ੍ਹਾਂ ਆਰ.ਐਸ.ਐਸ. ਦਾ ਜ਼ਮੀਨੀ ਸਵੈਮ ਸੇਵਕ ਅਤੇ ਜਨਸੰਘ ਭਾਜਪਾ ਦਾ ਕਾਰਕੁਨ ਆਗੂਆਂ ਦੇ ਕਦਮਾਂ ’ਚ ਫ਼ਰਸ਼ ਉਤੇ ਬੈਠ ਕੇ ਸੂਬੇ ਦੇ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਰਿਹਾ ਹੈ। ਇਹ ਸੰਘਟਨ ਦੀ ਤਾਕਤ ਹੈ।’
ਹਲਾਂਕਿ ਦਿੱਗਵਿਜੈ ਸਿੰਘ ਅੱਜ ਇੰਦਰਾ ਭਵਨ ’ਚ ਹੋਈ ਕਾਂਗਰਸ ਦੀ ਪ੍ਰੈੱਸ ਕਾਨਫ਼ਰੰਸ ’ਚ ਸ਼ਾਮਲ ਹੋਏ। ਉਨ੍ਹਾਂ ਇਸ ਦੌਰਾਨ ਕਿਹਾ, ‘‘ਮੈਂ ਸੰਗਠਨ ਦੀ ਤਾਰੀਫ਼ ਕੀਤੀ ਹੈ। ਮੈਂ ਆਰ.ਐਸ.ਐਸ. ਦਾ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦਾ ਸਖ਼ਤ ਵਿਰੋਧੀ ਹਾਂ ਅਤੇ ਰਹਾਂਗਾ। ਜੋ ਮੈਨੂੰ ਕਹਿਣਾ ਸੀ ਮੈਂ ਸੀ.ਡਬਿਲਊ.ਸੀ. ਦੀ ਬੈਠਕ ਵਿਚ ਕਹਿ ਦਿਤਾ। ਸੰਗਠਨ ਨੂੰ ਮਜ਼ਬੂਤ ਕਰਨਾ ਜਾਂ ਉਸ ਦੀ ਤਾਰੀਫ਼ ਕਰਨਾ ਕੀ ਬੁਰੀ ਗੱਲ ਹੈ?’’