ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਦੇ ਭਰਾ ਦੀ ਭਾਲ ’ਚ ਹੈਦਰਾਬਾਦ ਦੀ ਪੁਲਿਸ
ਹਾਈ-ਪ੍ਰੋਫਾਈਲ ਡਰੱਗ ਕੇਸ ਵਿੱਚ ਅਮਨਪ੍ਰੀਤ ਨੂੰ ਮੁਲਜ਼ਮ ਵਜੋਂ ਕੀਤਾ ਨਾਮਜ਼ਦ
ਮੁੰਬਈ: ਹੈਦਰਾਬਾਦ ਪੁਲਿਸ ਇੱਕ ਅਜਿਹੇ ਅਦਾਕਾਰ ਦੀ ਭਾਲ ਕਰ ਰਹੀ ਹੈ, ਜੋ ਨਿਯਮਤ ਤੌਰ 'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੈ। ਪੁਲਿਸ ਨੂੰ ਇੱਕ ਡਰੱਗ ਕੇਸ ਦੀ ਜਾਂਚ ਦੌਰਾਨ ਇਸ ਅਦਾਕਾਰ ਦਾ ਪਤਾ ਲੱਗਾ। ਇਹ ਅਦਾਕਾਰ ਕੋਈ ਹੋਰ ਨਹੀਂ, ਸਗੋਂ ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਦਾ ਭਰਾ ਅਮਨਪ੍ਰੀਤ ਸਿੰਘ ਹੈ। ਅਮਨ ਤੇਲਗੂ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਕੰਮ ਕਰਦਾ ਹੈ।
ਹੈਦਰਾਬਾਦ ਪੁਲਿਸ ਨੇ ਸ਼ਹਿਰ ਦੇ ਮਸਾਬ ਟੈਂਕ ਖੇਤਰ ਵਿੱਚ ਸਾਹਮਣੇ ਆਏ ਇੱਕ ਹਾਈ-ਪ੍ਰੋਫਾਈਲ ਡਰੱਗ ਕੇਸ ਵਿੱਚ ਅਮਨ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਇਹ ਕਾਰਵਾਈ ਉਦੋਂ ਹੋਈ ਹੈ, ਜਦੋਂ ਜਾਂਚ ਏਜੰਸੀਆਂ ਨਵੇਂ ਸਾਲ ਦੀ ਸ਼ਾਮ ਦੌਰਾਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਵਰਤੋਂ 'ਤੇ ਆਪਣੀ ਸਖ਼ਤੀ ਕਰ ਰਹੀਆਂ ਹਨ।
ਇਸ ਹਫ਼ਤੇ ਦੇ ਸ਼ੁਰੂ ਵਿੱਚ, ਤੇਲੰਗਾਨਾ ਦੀ ਈਗਲ (ਏਲੀਟ ਐਕਸ਼ਨ ਗਰੁੱਪ ਫਾਰ ਡਰੱਗ ਲਾਅ ਇਨਫੋਰਸਮੈਂਟ) ਅਤੇ ਮਸਾਬ ਟੈਂਕ ਪੁਲਿਸ ਨੇ ਅਮਨ ਦੀ ਭਾਲ ਸ਼ੁਰੂ ਕੀਤੀ। ਦੋ ਡਰੱਗ ਸਪਲਾਇਰਾਂ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਕਿ ਅਮਨ ਇੱਕ ਨਿਯਮਤ ਗਾਹਕ ਸੀ ਅਤੇ ਉਨ੍ਹਾਂ ਤੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਖਰੀਦਦਾ ਸੀ। ਪੁਲਿਸ ਨੇ 17 ਦਸੰਬਰ ਨੂੰ ਇੱਕ ਛਾਪੇਮਾਰੀ ਦੌਰਾਨ ਕੋਕੀਨ ਅਤੇ MDMA ਬਰਾਮਦ ਕੀਤਾ, ਜੋ ਅਮਨ ਨੂੰ ਸਪਲਾਈ ਨੈੱਟਵਰਕ ਨਾਲ ਜੋੜਦਾ ਸੀ।